ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਵਧ ਰਿਹੈ- ਫੂਲਕਾ ਨੇ ਲਾਏ ਗੰਭੀਰ ਦੋਸ਼
ਭਾਜਪਾ ਦੀ ਸੰਕਲਪ ਯਾਤਰਾ ਤਪਾ ਪੁੱਜੀ, ‘ਆਪ’ ਸਰਕਾਰ ’ਤੇ ਭਾਜਪਾ ਆਗੂਆਂ ਨੇ ਚੁੱਕੇ ਸਵਾਲ
ਤਪਾ ਮੰਡੀ, 24 ਸਤੰਬਰ 2026- ਪੰਜਾਬ ਵਿੱਚ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਸੰਕਲਪ ਯਾਤਰਾ ਵੀਰਵਾਰ ਨੂੰ ਤਪਾ ਦੀ ਅਨਾਜ ਮੰਡੀ ਪਹੁੰਚੀ। ਇੱਥੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਭਾਜਪਾ ਆਗੂ ਐਚ.ਐਸ. ਫੂਲਕਾ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ ਅਤੇ ਸਰਕਾਰ ਇਸ ਨੂੰ ਰੋਕਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪੈਸੇ ਦੀ ਇਸ਼ਤਿਹਾਰਬਾਜ਼ੀ ’ਤੇ ਵਰਤੋਂ ਨੂੰ ਲੈ ਕੇ ਵੀ ਲੋਕ ਸਰਕਾਰ ਤੋਂ ਜਵਾਬ ਮੰਗਣਗੇ।
ਫੂਲਕਾ ਨੇ ਰੁਜ਼ਗਾਰ, ਕਿਸਾਨੀ, ਨੌਜਵਾਨਾਂ, ਵਿਕਾਸ ਕਾਰਜਾਂ, ਬੁਨਿਆਦੀ ਢਾਂਚੇ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਮੁੱਦੇ ਵੀ ਉਠਾਏ। ਭਾਜਪਾ ਆਗੂਆਂ ਦਿਆਲ ਸਿੰਘ ਸੋਢੀ, ਚਰਨਜੀਤ ਸਿੰਘ ਬਰਾੜ, ਧਰਮ ਸਿੰਘ ਫੌਜੀ ਅਤੇ ਨਰਿੰਦਰ ਗਰਗ ਨੀਟਾ ਨੇ ਵੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਇਸ ਦੌਰਾਨ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਗੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ।







