SGPC ਪ੍ਰਧਾਨ ਧਾਮੀ ਦੀ ਕੋਠੀ ਦੇ ਘਿਰਾਓ ਲਈ ਪੁੱਜੇ ਸਿੱਖ ਜਥੇਬੰਦੀਆਂ ਦੇ ਮੈਂਬਰ, ਪੁਲਿਸ ਨੇ ਰਾਹ ’ਚ ਰੋਕਿਆ
ਹੁਸ਼ਿਆਰਪੁਰ, 24 ਸਤੰਬਰ 2026: ਪੰਜ ਸਿੱਖ ਜਥੇਬੰਦੀਆਂ ਦੇ 51 ਮੈਂਬਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ਦੇ ਘਿਰਾਓ ਦੇ ਐਲਾਨ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਨੇ ਜਥੇ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਕਾਫ਼ੀ ਦੂਰ ਹੀ ਰੋਕ ਦਿੱਤਾ। ਇਸ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਉਥੇ ਧਰਨਾ ਲਗਾ ਕੇ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ।
ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਵਾਰਿਸ ਪੰਜਾਬ ਦੇ), ਸਿੱਖ ਤਾਲਮੇਲ ਕਮੇਟੀ ਜਲੰਧਰ ਅਤੇ ਖ਼ਾਲਸਾ ਦਰਬਾਰ ਨਾਲ ਸਬੰਧਤ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਵਿੱਚ ਬਹਿਰੀਨ ਤੋਂ ਆਈ ਬੀਬੀ ਨਾਲ ਜਬਰ ਜਨਾਹ ਦੇ ਦੋਸ਼ਾਂ ਸਬੰਧੀ ਮਾਮਲੇ ’ਚ ਧਾਮੀ ਦੀ ਭੂਮਿਕਾ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਐੱਫਆਈਆਰ ਦਰਜ ਹੋਣ ਤੋਂ ਬਾਅਦ ਵੀ ਲੰਮਾ ਸਮਾਂ ਚੁੱਪੀ ਕਿਉਂ ਧਾਰੀ ਗਈ ਅਤੇ ਸਰਾਂ ਵਿੱਚ ਕਥਿਤ ਵੀ.ਆਈ.ਪੀ. ਸਹੂਲਤਾਂ ਕਿਵੇਂ ਮਿਲਦੀਆਂ ਰਹੀਆਂ। ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੰਮੇ ਸਮੇਂ ਤੋਂ ਨਾ ਹੋਣ ਦਾ ਮੁੱਦਾ ਵੀ ਉਠਾਇਆ।
ਇਸ ਦੌਰਾਨ ਧਾਮੀ ਦੇ ਸਮਰਥਕ ਵੀ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ, ਜੋ 15 ਦਿਨਾਂ ਵਿੱਚ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਘਿਰਾਓ ਦੀ ਲੋੜ ਨਹੀਂ।







