ਅੰਮ੍ਰਿਤਸਰ ਤੋਂ ਕੋਲਕਾਤਾ ਲਈ 1 ਅਕਤੂਬਰ ਤੋਂ ਮੁੜ ਸ਼ੁਰੂ ਹੋਵੇਗੀ ਸਿੱਧੀ ਉਡਾਣ

Top Trending News ਪੰਜਾਬ ਰਾਸ਼ਟਰੀ

 

ਅੰਮ੍ਰਿਤਸਰ ਤੋਂ ਕੋਲਕਾਤਾ ਲਈ 1 ਅਕਤੂਬਰ ਤੋਂ ਮੁੜ ਸ਼ੁਰੂ ਹੋਵੇਗੀ ਸਿੱਧੀ ਉਡਾਣ

ਅੰਮ੍ਰਿਤਸਰ, 24 ਸਤੰਬਰ 2026: ਪੰਜਾਬ ਅਤੇ ਪੱਛਮੀ ਬੰਗਾਲ ਵਿਚਕਾਰ ਹਵਾਈ ਸੰਪਰਕ ਨੂੰ ਮੁੜ ਮਜ਼ਬੂਤੀ ਮਿਲਣ ਜਾ ਰਹੀ ਹੈ। ਇੰਡੀਗੋ ਵੱਲੋਂ 1 ਅਕਤੂਬਰ ਤੋਂ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਕੋਲਕਾਤਾ ਲਈ ਸਿੱਧੀ ਉਡਾਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸੇਵਾ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਇੰਡੀਆ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ, ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਸੂਬਿਆਂ ਵਿਚਕਾਰ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਸਮਾਂ-ਸਾਰਣੀ ਅਨੁਸਾਰ ਕੋਲਕਾਤਾ ਤੋਂ ਉਡਾਣ ਸਵੇਰੇ 9:45 ਵਜੇ ਰਵਾਨਾ ਹੋ ਕੇ ਦੁਪਹਿਰ 12:25 ਵਜੇ ਅੰਮ੍ਰਿਤਸਰ ਪਹੁੰਚੇਗੀ, ਜਦਕਿ ਵਾਪਸੀ ਉਡਾਣ ਦੁਪਹਿਰ 1:05 ਵਜੇ ਅੰਮ੍ਰਿਤਸਰ ਤੋਂ ਚੱਲ ਕੇ 3:35 ਵਜੇ ਕੋਲਕਾਤਾ ਪਹੁੰਚੇਗੀ।

ਇਸ ਤੋਂ ਇਲਾਵਾ ਕੋਲਕਾਤਾ ਰਾਹੀਂ ਅੰਮ੍ਰਿਤਸਰ ਅਤੇ ਗੁਹਾਟੀ ਵਿਚਕਾਰ ਵੀ ਸੰਪਰਕ ਮਿਲੇਗਾ। ਇਸ ਸੇਵਾ ਨਾਲ ਪੰਜਾਬੀ ਤੇ ਸਿੱਖ ਭਾਈਚਾਰੇ, ਸੰਗਤ, ਸੈਲਾਨੀਆਂ, ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਵਿਸ਼ੇਸ਼ ਲਾਭ ਹੋਵੇਗਾ।