ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕਾਡਰ ‘ਚ ਪ੍ਰਮੋਸ਼ਨ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰਨ ਦੀ ਮੰਗ

Top Trending News ਪੰਜਾਬ

 

ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕਾਡਰ ‘ਚ ਪ੍ਰਮੋਸ਼ਨ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਜਲਦ ਜਾਰੀ ਕਰਨ ਦੀ ਮੰਗ

ਮੋਹਾਲੀ, 24 ਸਤੰਬਰ 2026- ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ ਨੇ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕਾਡਰ ‘ਚ ਪ੍ਰਮੋਸ਼ਨ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸੰਧੂ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕਾਡਰ ‘ਚ ਪ੍ਰਮੋਸ਼ਨ ਕੋਟਾ ਵਧਾਉਣ ਦੀ ਮੰਗ ਕਰ ਰਹੀ ਹੈ। ਉਹ ਡਾਇਰੈਕਟਰ ਸਕੂਲ ਸਿੱਖਿਆ ਸਮੇਤ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਮਿਲ ਕੇ ਦਲੀਲਾਂ ਸਹਿਤ ਆਪਣੀ ਮੰਗ ਰੱਖਦੇ ਰਹੇ ਹਨ।

ਲੰਘੀ 24 ਜੂਨ ਨੂੰ ਉਨ੍ਹਾਂ ਦੀ ਜਥੇਬੰਦੀ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਹੋਈ ਸੀ। ਇਸ ਮੀਟਿੰਗ ‘ਚ ਵਿੱਤ ਮੰਤਰੀ ਵੱਲੋਂ ਯੂਨੀਅਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪ੍ਰਮੋਸ਼ਨ ਕੋਟਾ ਵਧਾਉਣ ਦਾ ਭਰੋਸਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵਿਭਾਗੀ ਪੱਧਰ ‘ਤੇ ਨਾਨ-ਟੀਚਿੰਗ ਸਟਾਫ਼ ਦਾ ਪ੍ਰਮੋਸ਼ਨ ਕੋਟਾ ਵਧਾਉਣ ਦੀ ਕਾਰਵਾਈ ਸ਼ੁਰੂ ਹੋਈ ਸੀ। ਪਰ ਅਜੇ ਤੱਕ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕਾਡਰ ‘ਚ ਪ੍ਰਮੋਸ਼ਨ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਲਗਾਤਾਰ ਅਣਥੱਕ ਯਤਨਾਂ ਸਦਕਾ ਇਹ ਮੰਗ ਪੂਰੀ ਹੋਣ ਦੇ ਕਰੀਬ ਪਹੁੰਚ ਚੁੱਕੀ ਹੈ। ਪਰ ਜਦੋਂ ਤੱਕ ਪ੍ਰਮੋਸ਼ਨ ਕੋਟੇ ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਜਾਂਦਾ, ਉਨ੍ਹਾਂ ਦੀ ਜਥੇਬੰਦੀ ਇਸੇ ਤਰ੍ਹਾਂ ਸੰਘਰਸ਼ਸ਼ੀਲ ਰਹੇਗੀ। ਇਸ ਮੌਕੇ ‘ਤੇ ਲਖਵਿੰਦਰ ਸਿੰਘ ਮੌੜ, ਮਨਵਿੰਦਰ ਪਾਲ, ਪ੍ਰਦੀਪ ਕੌਰ ਬਰਾੜ, ਕਰਮਜੀਤ ਕੌਰ ਮੋਗਾ, ਦਰਸ਼ਨ ਸਿੰਘ ਮਾਨਸਾ, ਕੁਲਦੀਪ ਸਿੰਘ ਖਿਆਲੀਵਾਲਾ, ਸੁਖਚੈਨ ਸਿੰਘ ਫਾਜ਼ਿਲਕਾ, ਯੋਗੇਸ਼ ਕਾਲੜਾ ਨਕੋਦਰ, ਟਿੰਕੂ ਚਾਵਲਾ ਆਦਿ ਹਾਜ਼ਰ ਸਨ।