ਇਨਕਲਾਬੀ ਕੇਂਦਰ ਪੰਜਾਬ ਨੇ ਸੰਗਰਾਮੀ ਜੋਸ਼ ਨਾਲ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
ਬਠਿੰਡਾ, 28 ਸਤੰਬਰ 2026:ਇਨਕਲਾਬੀ ਕੇਂਦਰ ਪੰਜਾਬ ਨੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਰਗਰਮ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ। ਇਸ ਮੌਕੇ ਸੰਬੋਧਨ ਕਰਦਿਆਂ ਡਾ ਰਜਿੰਦਰ ਪਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਕੁਲਵੀਰ ਸਿੰਘ ਔਲਖ, ਗੁਰਮੀਤ ਸਿੰਘ ਸੁਖਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਿਰਫ਼ ਇੱਕ ਦਿਨ ਉਨ੍ਹਾਂ ਨੂੰ ਯਾਦ ਕਰਨ ਵਜੋਂ ਨਹੀਂ ਹੈ ਸਗੋਂ ਇਹ ਦਿਨ ਉਨ੍ਹਾਂ ਦੀ ਵਿਗਿਆਨਕ ਵਿਚਾਰਧਾਰਾ ਨੂੰ ਜਾਨਣ ਸਮਝਣ ਅਤੇ ਹਕੀਕਤ ਵਿੱਚ ਲਾਗੂ ਕਰਨ ਵਜੋਂ ਇਤਿਹਾਸਕ ਦਿਨ ਹੈ। ਇਹ ਦਿਨ ਸ਼ਹੀਦ ਭਗਤ ਸਿੰਘ ਦੇ ਅਧੂਰੇ ਸੁਪਨੇ ਲੁੱਟ,ਜਬਰ ਅਤੇ ਦਾਬੇ ਤੋਂ ਰਹਿਤ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਨੂੰ ਤੇਜ਼ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਆਪਣੀ ਉਮਰ ਦੇ ਆਖਰੀ ਵਰ੍ਹੇ ਖਾਸ ਕਰ ਜੇਲ੍ਹ ਸਮੇਂ ਦੌਰਾਨ ਭਾਰਤ ਸਮੇਤ ਦੁਨੀਆ ਭਰ ਦੇ ਇਤਿਹਾਸ ਦੇ ਰੂਬਰੂ ਹੋਇਆ। ਉਸਾਰੂ ਆਲੋਚਨਾਤਮਕ ਅਧਿਐਨ ਕੀਤਾ। ਬਹੁਤ ਸਾਰੀਆਂ ਮਹੱਤਵਪੂਰਨ ਲਿਖਤਾਂ ਲਿਖੀਆਂ।ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿਰਫ਼ ਹਥਿਆਰਬੰਦ ਸੰਘਰਸ਼ ਤੱਕ ਸੀਮਤ ਨਹੀਂ ਸਨ, ਬਲਕਿ ਉਹ ਸਮਾਜਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਪੂਰੇ ਸਮਾਜਿਕ-ਆਰਥਿਕ ਢਾਂਚੇ ਨੂੰ ਬਦਲਣਾ ਚਾਹੁੰਦੇ ਸਨ। ਇਸ ਖਤ/ਸੰਦੇਸ਼ ਰਾਹੀਂ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਵਿਸ਼ਵ ਪੱਧਰ ‘ਤੇ ਸਾਮਰਾਜਵਾਦ ਵਿਰੁੱਧ ਲੜ ਰਹੇ ਲੋਕਾਂ ਨਾਲ ਜੋੜਿਆ। ਭਗਤ ਸਿੰਘ ਅਨੁਸਾਰ ਆਜ਼ਾਦੀ ਦਾ ਮਤਲਬ ਸਿਰਫ਼ ਅੰਗਰੇਜ਼ਾਂ ਨੂੰ ਭਜਾਉਣਾ ਨਹੀਂ ਸੀ, ਸਗੋਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ-ਖਸੁੱਟ ਖ਼ਤਮ ਕਰਨਾ ਸੀ।
ਆਗੂਆਂ ਨੇ ਕਿਹਾ ਕਿ ਇਨਕਲਾਬ ਦਾ ਮਤਲਬ ਸਿਰਫ਼ ਅੰਗਰੇਜ਼ਾਂ ਨੂੰ ਭਜਾਉਣਾ ਹੀ ਨਹੀਂ ਸੀ, ਸਗੋਂ ਇੱਕ ਅਜਿਹਾ ਸਮਾਜ ਸਿਰਜਣਾ ਸੀ ਜਿੱਥੇ ਇੱਕ ਮਨੁੱਖ ਵੱਲੋਂ ਦੂਜੇ ਮਨੁੱਖ ਦੀ ਲੁੱਟ-ਖਸੁੱਟ ਨਾ ਹੋਵੇ। ਉਨ੍ਹਾਂ ਨੌਜਵਾਨ ਕਾਰਕੁਨਾਂ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਪਿਛੜੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਸਿਵਲ ਹਸਪਤਾਲ ਪਾਰਕ ਵਿੱਚ ਰੈਲੀ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਚੌਂਕ ਵੱਲ ਇਨਕਲਾਬੀ ਜੋਸ਼ੀਲਾ ਮਾਰਚ ਕੀਤਾ। ਇਸ ਸਮੇਂ ਸਟੇਜ ਦੇ ਫਰਜ਼ ਸੁਖਵਿੰਦਰ ਠੀਕਰੀਵਾਲਾ ਨੇ ਨਿਭਾਏ। ਲਖਵਿੰਦਰ ਠੀਕਰੀਵਾਲਾ, ਬਲਦੇਵ ਮੰਡੇਰ, ਨਰਿੰਦਰ ਪਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਰਜਿੰਦਰ ਭਦੌੜ, ਕੁਲਵਿੰਦਰ ਸਿੰਘ, ਹਰਚਰਨ ਚਹਿਲ, ਬਿੱਕਰ ਸਿੰਘ ਔਲਖ, ਗੁਰਮੇਲ ਠੁੱਲੀਵਾਲ, ਜਸਪਾਲ ਸਿੰਘ ਚੀਮਾ,ਪਰਮਜੀਤ ਕੌਰ ਜੋਧਪੁਰ, ਪ੍ਰੇਮ ਪਾਲ ਕੌਰ, ਪਰਮਜੀਤ ਕੌਰ ਸ਼ਹਿਣਾ, ਗੁਰਲਾਭ ਸਿੰਘ, ਪ੍ਰਗਟ ਸਿੰਘ ਕੋਟਦੁੱਨਾ, ਬਲਵੰਤ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।







