ਫਾਰਮੇਸੀ ਅਫਸਰ ਪ੍ਰੀਖਿਆ ਨਕਲ ਮਾਮਲਾ: 70 ਦਿਨ ਬਾਅਦ ਵੀ ਪੁਲਿਸ ਜਾਂਚ ਅਧੂਰੀ, ਪੀੜਤਾਂ ਨੇ ਮੰਗੀ CBI ਜਾਂਚ

Top Trending News ਪੰਜਾਬ

 

ਫਾਰਮੇਸੀ ਅਫਸਰ ਪ੍ਰੀਖਿਆ ਨਕਲ ਮਾਮਲਾ: 70 ਦਿਨ ਬਾਅਦ ਵੀ ਪੁਲਿਸ ਜਾਂਚ ਅਧੂਰੀ, ਪੀੜਤਾਂ ਨੇ ਮੰਗੀ CBI ਜਾਂਚ

ਫ਼ਰੀਦਕੋਟ 29 ਸਤੰਬਰ 2026

ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਜੁਲਾਈ ਮਹੀਨੇ ਕਰਵਾਈ ਗਈ ਫਾਰਮੇਸੀ ਅਫਸਰ ਦੀ ਪ੍ਰੀਖਿਆ ਵਿੱਚ ਕਥਿਤ ਔਨਲਾਈਨ ਨਕਲ ਦੇ ਮਾਮਲੇ ਦੀ ਜਾਂਚ 70 ਦਿਨ ਬੀਤਣ ਦੇ ਬਾਵਜੂਦ ਫ਼ਰੀਦਕੋਟ ਪੁਲਿਸ ਵੱਲੋਂ ਮੁਕੰਮਲ ਨਹੀਂ ਕੀਤੀ ਜਾ ਸਕੀ। ਅਦਾਲਤ ਵਿੱਚ ਹੁਣ ਤੱਕ ਪੇਸ਼ ਕੀਤੇ ਗਏ ਰਿਕਾਰਡ ਮੁਤਾਬਕ ਕਥਿਤ ਨਕਲ ਕਰਵਾਉਣ ਵਾਲੇ ਗਰੋਹ ਵੱਲੋਂ ਵਿਦਿਆਰਥੀਆਂ ਤੋਂ ਵਸੂਲੀ ਗਈ ਲੱਖਾਂ ਰੁਪਏ ਦੀ ਰਕਮ ਅਤੇ ਸੁਰੱਖਿਆ ਵਜੋਂ ਲਏ ਗਏ ਚੈੱਕ ਵੀ ਪੁਲਿਸ ਬਰਾਮਦ ਨਹੀਂ ਕਰ ਸਕੀ।

ਜਾਂਚ ਦੀ ਪ੍ਰਗਤੀ ਅਤੇ ਬਰਾਮਦਗੀਆਂ ਨੂੰ ਲੈ ਕੇ ਮਾਮਲਾ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਇਸ ਦੇ ਚਲਦਿਆਂ ਕੁਝ ਪੀੜਤਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਨੇ ਇਸ ਮਾਮਲੇ ਸਬੰਧੀ CBI ਤੋਂ ਜਵਾਬ ਵੀ ਮੰਗਿਆ ਹੈ ਅਤੇ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ।

ਪੁਲਿਸ ਵੱਲੋਂ ਮਾਮਲੇ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਲਾਕਾ ਮੈਜਿਸਟਰੇਟ ਵੀ ਪੁਲਿਸ ਦੀ ਜਾਂਚ ਮੁਕੰਮਲ ਹੋਣ ਦੀ ਉਡੀਕ ਕਰ ਰਿਹਾ ਹੈ।