- ਸੌਤੇਲੀ ਮਾਂ ਨੇ 5 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਕੇ ਮਾਰਿਆ !
ਅਬੋਹਰ, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਅਬੋਹਰ ਦੇ ਪੱਕਾ ਸੀਡ ਫਾਰਮ ਇਲਾਕੇ ਵਿੱਚ 5 ਸਾਲਾ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਬੱਚੀ ਦੀ ਸੌਤੇਲੀ ਮਾਂ ’ਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਾਮਲੇ ਵਿੱਚ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਧਾਰਾ ਜੋੜ ਦਿੱਤੀ ਹੈ। ਜਾਣਕਾਰੀ ਮੁਤਾਬਕ ਬੱਚੀ ਦੇ ਪੇਟ ’ਤੇ ਕਥਿਤ ਤੌਰ ’ਤੇ ਲੱਤਾਂ ਮਾਰੀਆਂ ਗਈਆਂ ਸਨ, ਜਿਸ ਕਾਰਨ ਉਸ ਦੇ ਪੇਟ ਵਿੱਚ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ। ਬੱਚੀ ਦੇ ਨਿੱਜੀ ਅੰਗਾਂ ’ਤੇ ਵੀ ਸੱਟਾਂ ਦੇ ਨਿਸ਼ਾਨ ਮਿਲਣ ਦੀ ਗੱਲ ਸਾਹਮਣੇ ਆਈ ਹੈ। ਗੰਭੀਰ ਹਾਲਤ ਵਿੱਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ। ਕਈ ਦਿਨ ਇਲਾਜ ਤੋਂ ਬਾਅਦ ਸੋਮਵਾਰ ਦੇਰ ਸ਼ਾਮ ਬੱਚੀ ਨੇ ਦਮ ਤੋੜ ਦਿੱਤਾ।
ਪੁਲਿਸ ਮੁਤਾਬਕ ਬੱਚੀ ਦੀ ਮਾਂ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਸੀ। ਇਸ ਤੋਂ ਕਰੀਬ ਤਿੰਨ ਮਹੀਨੇ ਬਾਅਦ ਉਸ ਦੇ ਪਿਤਾ ਗੁਰਦਿੱਤ ਸਿੰਘ ਨੇ ਦੂਜਾ ਵਿਆਹ ਕਰਵਾਇਆ ਸੀ। ਬੱਚੀ ਆਪਣੇ ਪਿਤਾ ਅਤੇ ਸੌਤੇਲੀ ਮਾਂ ਅੱਕੋ ਬਾਈ (43) ਨਾਲ ਰਹਿੰਦੀ ਸੀ। ਪਿਤਾ ਮਜ਼ਦੂਰੀ ਕਰਦਾ ਹੈ। ਪੜੋਸੀ ਮੰਗਲ ਸਿੰਘ ਮੁਤਾਬਕ, 30 ਸਤੰਬਰ ਨੂੰ ਬੱਚੀ ਨਾਲ ਕੁੱਟਮਾਰ ਕੀਤੀ ਗਈ ਸੀ। ਉਸ ਸਮੇਂ ਬੱਚੀ ਦੇ ਪੇਟ ’ਤੇ ਸੋਜ ਸੀ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਬੱਚੀ ਦੀ ਹਾਲਤ ਵਿਗੜਨ ’ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਤੋਂ ਬਾਅਦ ਪੁਲਿਸ ਨੇ ਸੌਤੇਲੀ ਮਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਬੱਚੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕਤਲ ਨਾਲ ਸਬੰਧਤ ਧਾਰਾ ਜੋੜਦਿਆਂ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਭੇਜੀ ਗਈ ਹੈ।
ਉਧਰ, ਗੁਆਂਢੀਆਂ ਨੇ ਦੋਸ਼ ਲਾਇਆ ਹੈ ਕਿ ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਇਸੇ ਕਾਰਨ ਬੱਚੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਜਾਂਦੀ ਸੀ। ਹਾਲਾਂਕਿ ਇਸ ਦਾਅਵੇ ਦੀ ਪੁਲਿਸ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕਰ ਰਹੀ ਹੈ।







