- ਈਰਾਨ ਜੰਗ ’ਚ ਅਮਰੀਕਾ ਨੂੰ ਵੱਡਾ ਨੁਕਸਾਨ, 81 ਫੌਜੀ ਜਹਾਜ਼-ਡਰੋਨ ਤੇ ਹੈਲੀਕਾਪਟਰ ਨੁਕਸਾਨਗ੍ਰਸਤ
ਨਵੀਂ ਦਿੱਲੀ, 7 ਅਕਤੂਬਰ (ਦੇਸ਼ ਕਲਿੱਕ ਬਿਊਰੋ) : ਈਰਾਨ ਨਾਲ ਜੰਗ ਦੌਰਾਨ ਅਮਰੀਕਾ ਨੂੰ ਭਾਰੀ ਫੌਜੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕੀ ਕਾਂਗਰਸ ਦੀ ਤਾਜ਼ਾ ਰਿਪੋਰਟ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਘੱਟੋ-ਘੱਟ 81 ਮਿਲਟਰੀ ਏਅਰਕ੍ਰਾਫਟ, ਡਰੋਨ ਅਤੇ ਹੈਲੀਕਾਪਟਰ ਨਸ਼ਟ ਜਾਂ ਨੁਕਸਾਨਗ੍ਰਸਤ ਹੋਏ ਹਨ। ਰਿਪੋਰਟ ਵਿੱਚ ਇਸ ਨੁਕਸਾਨ ਦੀ ਕੀਮਤ ਕਰੀਬ 3.3 ਅਰਬ ਡਾਲਰ ਦੱਸੀ ਗਈ ਹੈ।
ਰਿਪੋਰਟ ਮੁਤਾਬਕ ਪ੍ਰਭਾਵਿਤ ਜਹਾਜ਼ਾਂ ਵਿੱਚ ਅਮਰੀਕਾ ਦੇ ਕੁਝ ਆਧੁਨਿਕ ਲੜਾਕੂ ਜਹਾਜ਼ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਇੱਕ F-35A ਲਾਈਟਨਿੰਗ-II ਅਤੇ 12 F-15E ਸਟ੍ਰਾਈਕ ਈਗਲ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੇ ਰਿਫਿਊਲਿੰਗ ਜਹਾਜ਼, ਸਰਵੇਲੈਂਸ ਏਅਰਕ੍ਰਾਫਟ, ਸਪੈਸ਼ਲ ਆਪ੍ਰੇਸ਼ਨ ਜਹਾਜ਼ ਅਤੇ ਹੈਲੀਕਾਪਟਰ ਵੀ ਨੁਕਸਾਨਗ੍ਰਸਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
MQ-9 ਰੀਪਰ ਡਰੋਨ ਦਾ ਸਭ ਤੋਂ ਵੱਧ ਨੁਕਸਾਨ
ਰਿਪੋਰਟ ਵਿੱਚ ਅਮਰੀਕਾ ਦੇ MQ-9 ਰੀਪਰ ਡਰੋਨ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦੀ ਗੱਲ ਕਹੀ ਗਈ ਹੈ। ਘੱਟੋ-ਘੱਟ 45 MQ-9 ਰੀਪਰ ਡਰੋਨ ਨਸ਼ਟ ਜਾਂ ਨੁਕਸਾਨਗ੍ਰਸਤ ਹੋਣ ਦਾ ਦਾਅਵਾ ਹੈ। ਇੱਕ MQ-9 ਦੀ ਕੀਮਤ ਲੱਖਾਂ ਡਾਲਰ ਵਿੱਚ ਦੱਸੀ ਜਾਂਦੀ ਹੈ। ਰਿਪੋਰਟ ਮੁਤਾਬਕ ਇਨ੍ਹਾਂ ਨੁਕਸਾਨਾਂ ਕਾਰਨ ਅਮਰੀਕੀ ਹਵਾਈ ਸੈਨਾ ਕੋਲ ਇਨ੍ਹਾਂ ਡਰੋਨਾਂ ਦੀ ਗਿਣਤੀ ਵੀ ਘਟੀ ਹੈ।
ਕਿਹੜੇ ਜਹਾਜ਼ ਹੋਏ ਪ੍ਰਭਾਵਿਤ ?
ਰਿਪੋਰਟ ਵਿੱਚ ਦੱਸੇ ਗਏ ਨੁਕਸਾਨ ਵਿੱਚ 12 F-15E ਸਟ੍ਰਾਈਕ ਈਗਲ, 1 F-35A ਲਾਈਟਨਿੰਗ-II, 2 A-10 ਵਾਰਥੋਗ, 7 KC-135 ਸਟ੍ਰੈਟੋਟੈਂਕਰ, 1 E-3 ਸੈਂਟਰੀ, 1 MC-130J ਕਮਾਂਡੋ-II ਅਤੇ 1 HH-60W ਜੌਲੀ ਗ੍ਰੀਨ-II ਹੈਲੀਕਾਪਟਰ ਸ਼ਾਮਲ ਹਨ। ਇਸ ਤੋਂ ਇਲਾਵਾ 1 MQ-4C ਟ੍ਰਾਈਟਨ, 3 MQ-1 ਡਰੋਨ, 1 AH-64 ਅਪਾਚੇ, 4 AH-6 ਲਿਟਲ ਬਰਡ, 1 MH-60 ਸੀ ਹਾਕ ਅਤੇ 45 MQ-9 ਰੀਪਰ ਡਰੋਨ ਦੇ ਨੁਕਸਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕੁਝ ਜਹਾਜ਼ ਜੰਗੀ ਕਾਰਵਾਈਆਂ ਦੌਰਾਨ ਨਸ਼ਟ ਹੋਏ, ਜਦਕਿ ਕੁਝ ਨੂੰ ਹਮਲਿਆਂ ਜਾਂ ਹੋਰ ਘਟਨਾਵਾਂ ਵਿੱਚ ਨੁਕਸਾਨ ਪਹੁੰਚਿਆ।







