ਦੱਖਣੀ ਆਸਟ੍ਰੇਲੀਆ ਦੇ 37ਵੇਂ ਗਵਰਨਰ ਬਣਨਗੇ ਗ੍ਰਾਂਟ ਸਟੀਵਨਜ਼, 9 ਦਸੰਬਰ ਨੂੰ ਚੁੱਕਣਗੇ ਸਹੁੰ

Top Trending News ਕੌਮਾਂਤਰੀ

 

ਦੱਖਣੀ ਆਸਟ੍ਰੇਲੀਆ ਦੇ 37ਵੇਂ ਗਵਰਨਰ ਬਣਨਗੇ ਗ੍ਰਾਂਟ ਸਟੀਵਨਜ਼, 9 ਦਸੰਬਰ ਨੂੰ ਚੁੱਕਣਗੇ ਸਹੁੰ

ਦੱਖਣੀ ਆਸਟ੍ਰੇਲੀਆ 8 ਅਕਤੂਬਰ 2026

ਦੱਖਣੀ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੂੰ ਰਾਜ ਦਾ 37ਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਪ੍ਰੀਮੀਅਰ ਪੀਟਰ ਮਾਲੀਨੌਸਕਸ ਨੇ ਇਸ ਨਿਯੁਕਤੀ ਦਾ ਐਲਾਨ ਕਰਦਿਆਂ ਦੱਸਿਆ ਕਿ ਕਿੰਗ ਚਾਰਲਸ ਤੀਜੇ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਟੀਵਨਜ਼ ਮੌਜੂਦਾ ਗਵਰਨਰ ਫ੍ਰਾਂਸਿਸ ਐਡਮਸਨ ਦੀ ਥਾਂ ਲੈਣਗੇ ਅਤੇ 9 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।

62 ਸਾਲਾ ਗ੍ਰਾਂਟ ਸਟੀਵਨਜ਼ ਨੇ ਸਾਲ 1982 ਵਿੱਚ ਮਹਿਜ਼ 17 ਸਾਲ ਦੀ ਉਮਰ ਵਿੱਚ ਦੱਖਣੀ ਆਸਟ੍ਰੇਲੀਆ ਪੁਲਿਸ ਵਿੱਚ ਸੇਵਾ ਸ਼ੁਰੂ ਕੀਤੀ ਸੀ। ਸਾਲ 2015 ਵਿੱਚ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ। ਚਾਰ ਦਹਾਕਿਆਂ ਤੋਂ ਵੱਧ ਲੰਬੇ ਪੁਲਿਸ ਕਰੀਅਰ ਦੌਰਾਨ ਉਨ੍ਹਾਂ ਨੇ ਕਈ ਵੱਡੀਆਂ ਐਮਰਜੈਂਸੀਆਂ ਨਾਲ ਨਜਿੱਠਣ ਦੇ ਨਾਲ ਲੋਕਾਂ ਦੀ ਸੁਰੱਖਿਆ ਅਤੇ ਭਾਈਚਾਰੇ ਨਾਲ ਮਜ਼ਬੂਤ ਸੰਬੰਧ ਬਣਾਉਣ ਲਈ ਕੰਮ ਕੀਤਾ।

ਪ੍ਰੀਮੀਅਰ ਮਾਲੀਨੌਸਕਸ ਨੇ ਕਿਹਾ ਕਿ ਸਟੀਵਨਜ਼ ਨੇ ਇਮਾਨਦਾਰੀ ਅਤੇ ਫ਼ਰਜ਼ ਪ੍ਰਤੀ ਵਚਨਬੱਧਤਾ ਨਾਲ ਪੁਲਿਸ ਦੀ ਅਗਵਾਈ ਕੀਤੀ ਹੈ। ਪੁਲਿਸ ਸੇਵਾ ਤੋਂ ਇਲਾਵਾ ਉਹ ਸਮਾਜ ਸੇਵਾ ਨਾਲ ਵੀ ਜੁੜੇ ਰਹੇ ਹਨ। ਉਨ੍ਹਾਂ ਨੇ ‘ਆਪਰੇਸ਼ਨ ਫਲਿੰਡਰਜ਼’ ਵਿੱਚ ਯੋਗਦਾਨ ਪਾਇਆ ਅਤੇ ਕੈਂਸਰ ਖੋਜ ਤੇ ਅੰਗਦਾਨ ਸਬੰਧੀ ਜਾਗਰੂਕਤਾ ਲਈ ਵੀ ਕੰਮ ਕੀਤਾ ਹੈ।