Breaking: ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ‘ਚ ਪੱਥਰਬਾਜ਼ੀ, ਤਿੰਨ ਗ੍ਰਿਫ਼ਤਾਰ; ਦੋ ਮੁਲਜ਼ਮਾਂ ਦੀ ਭਾਲ ਜਾਰੀ

Top Trending News ਪੰਜਾਬ

 

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿੱਚ ਪੱਥਰਬਾਜ਼ੀ, ਤਿੰਨ ਗ੍ਰਿਫ਼ਤਾਰ; ਦੋ ਮੁਲਜ਼ਮਾਂ ਦੀ ਭਾਲ ਜਾਰੀ

ਲੁਧਿਆਣਾ 8 ਅਕਤੂਬਰ 2026

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ਵਿੱਚ ਹੱਥ ਧੋਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪਰਿਸਰ ਵਿੱਚ ਪੱਥਰਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਗੁਰਦੁਆਰਾ ਪ੍ਰਬੰਧਕ ਹਰਦੀਪ ਸਿੰਘ ਅਨੁਸਾਰ ਕੁਝ ਵਿਅਕਤੀ ਪਖਾਨੇ ਤੋਂ ਆਉਣ ਮਗਰੋਂ ਬਿਨਾਂ ਹੱਥ ਧੋਏ ਲੰਗਰ ਹਾਲ ਵਿੱਚ ਦਾਖ਼ਲ ਹੋਣ ਲੱਗੇ। ਇਸ ਦੌਰਾਨ ਸੇਵਾਦਾਰ ਵੱਲੋਂ ਉਨ੍ਹਾਂ ਨੂੰ ਪਹਿਲਾਂ ਹੱਥ ਧੋਣ ਲਈ ਕਿਹਾ ਗਿਆ, ਜਿਸ ’ਤੇ ਕਥਿਤ ਤੌਰ ’ਤੇ ਤਕਰਾਰ ਹੋ ਗਈ। ਬਾਅਦ ਵਿੱਚ ਉਕਤ ਵਿਅਕਤੀਆਂ ਨੇ ਹੱਥ ਧੋ ਕੇ ਲੰਗਰ ਛਕਿਆ ਅਤੇ ਉੱਥੋਂ ਚਲੇ ਗਏ।

ਪ੍ਰਬੰਧਕ ਮੁਤਾਬਕ ਕੁਝ ਸਮੇਂ ਬਾਅਦ ਨੇੜਲੇ ਖਾਲੀ ਪਲਾਟ ਵੱਲੋਂ ਗੁਰਦੁਆਰਾ ਪਰਿਸਰ ਵਿੱਚ ਪੱਥਰ ਸੁੱਟੇ ਗਏ। ਘਟਨਾ ਸਮੇਂ ਲੰਗਰ ਹਾਲ ਨੇੜੇ ਬਰਤਨਾਂ ਦੀ ਸੇਵਾ ਕਰ ਰਹੀਆਂ ਔਰਤਾਂ ਵੀ ਮੌਜੂਦ ਸਨ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਥਾਣਾ ਡੇਹਲੋਂ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਜੀਆ ਲਾਲ ਸਦਾ, ਰਾਜ ਕੁਮਾਰ ਅਤੇ ਬਲੀ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦੀਪ ਕੁਮਾਰ ਅਤੇ ਮਨੀਸ਼ ਕੁਮਾਰ ਦੀ ਭਾਲ ਜਾਰੀ ਹੈ। ਪੁਲਿਸ ਨੇ ਪ੍ਰਬੰਧਕ ਦੀ ਸ਼ਿਕਾਇਤ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।