ਖਦਾਨਾਂ ‘ਚ ਲਾਵਾਰਿਸ ਮਿਲੀ ਨਵਜਾਤ ਬੱਚੀ, ਸਰੀਰ ’ਤੇ ਕੀੜੀਆਂ ਦੇ ਕੱਟਣ ਦੇ ਨਿਸ਼ਾਨ

Top Trending News ਹਰਿਆਣਾ
  • ਖਦਾਨਾਂ ‘ਚ ਲਾਵਾਰਿਸ ਮਿਲੀ ਨਵਜਾਤ ਬੱਚੀ, ਸਰੀਰ ’ਤੇ ਕੀੜੀਆਂ ਦੇ ਕੱਟਣ ਦੇ ਨਿਸ਼ਾਨ

ਚੰਡੀਗੜ੍ਹ, 8 ਅਕਤੂਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਦੇ ਸ਼ਾਹਾਬਾਦ ਦੇ ਬਰਾਡਾ ਰੋਡ ’ਤੇ ਖਦਾਨਾਂ ਵਿਚਕਾਰ ਇੱਕ ਨਵਜਾਤ ਬੱਚੀ ਲਾਵਾਰਿਸ ਹਾਲਤ ਵਿੱਚ ਮਿਲਣ ਨਾਲ ਹੜਕੰਪ ਮਚ ਗਿਆ। ਬੱਚੀ ਜ਼ਮੀਨ ’ਤੇ ਪਈ ਸੀ ਅਤੇ ਉਸ ਦੇ ਸਾਹ ਚੱਲ ਰਹੇ ਸਨ। ਉਸ ਦੀ ਅੱਖ ’ਤੇ ਸੱਟ ਲੱਗੀ ਹੋਈ ਸੀ, ਜਦਕਿ ਸਰੀਰ ’ਤੇ ਕਈ ਥਾਵਾਂ ’ਤੇ ਕੀੜੀਆਂ ਅਤੇ ਹੋਰ ਕੀੜਿਆਂ ਦੇ ਕੱਟਣ ਦੇ ਨਿਸ਼ਾਨ ਮਿਲੇ ਹਨ।

ਜਾਣਕਾਰੀ ਮੁਤਾਬਕ ਨੇੜਲੀ ਕਾਲੋਨੀ ਵਿੱਚ ਰਹਿਣ ਵਾਲੀ ਪ੍ਰਵੀਨ ਬੇਗਮ ਸਵੇਰੇ ਕਰੀਬ 7 ਵਜੇ ਦੁੱਧ ਲੈਣ ਜਾ ਰਹੀ ਸੀ। ਜੰਗਲ ਵਾਲੇ ਰਸਤੇ ਤੋਂ ਲੰਘਦਿਆਂ ਉਸ ਦੀ ਨਜ਼ਰ ਜ਼ਮੀਨ ’ਤੇ ਪਈ ਬੱਚੀ ’ਤੇ ਪਈ। ਉਸ ਨੇ ਨੇੜੇ ਮੌਜੂਦ ਕਿਸਾਨਾਂ ਨੂੰ ਆਵਾਜ਼ ਮਾਰ ਕੇ ਬੱਚੀ ਨੂੰ ਗੋਦ ਵਿੱਚ ਚੁੱਕ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਮੁਤਾਬਕ ਬੱਚੀ ਦੀ ਉਮਰ ਕਰੀਬ 15 ਤੋਂ 20 ਦਿਨ ਹੈ। ਉਸ ਦੀ ਅੱਖ ’ਤੇ ਸੱਟ ਲੱਗੀ ਹੋਈ ਹੈ ਅਤੇ ਅੱਖਾਂ ਬੰਦ ਹਨ। ਸਰੀਰ ’ਤੇ ਲਾਲ ਨਿਸ਼ਾਨ ਵੀ ਮਿਲੇ ਹਨ। ਪੁਲਿਸ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸ਼ਾਹਾਬਾਦ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।

ਸੂਚਨਾ ਮਿਲਦੇ ਹੀ ਸ਼ਾਹਾਬਾਦ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ। SHO ਸੁਰਿੰਦਰ ਸਿੰਧੂ ਨੇ ਬੱਚੀ ਨੂੰ ਆਪਣੀ ਗੋਦ ਵਿੱਚ ਲੈ ਕੇ ਹਸਪਤਾਲ ਪਹੁੰਚਾਇਆ। ਫਿਲਹਾਲ ਬੱਚੀ ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਜਾਂਚ ਕਰ ਰਹੀ ਹੈ ਕਿ ਬੱਚੀ ਨੂੰ ਉੱਥੇ ਕੌਣ ਛੱਡ ਕੇ ਗਿਆ ਅਤੇ ਉਹ ਕਿੰਨੇ ਸਮੇਂ ਤੋਂ ਉੱਥੇ ਪਈ ਸੀ। ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕੇ ਦੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ।