Punjab News: ਤਰਨ ਤਾਰਨ-ਗੋਇੰਦਵਾਲ ਸਾਹਿਬ ਰੋਡ ’ਤੇ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 21 ਸਾਲਾ ਨੌਜਵਾਨ ਦੀ ਮੌਤ- ਵੇਈਂ ਪੂਈਂ ਪਿੰਡ ਨੇੜੇ ਵਾਪਰਿਆ ਹਾਦਸਾ; ਗੋਇੰਦਵਾਲ ਸਾਹਿਬ ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਤਰਨ ਤਾਰਨ, 10 ਅਕਤੂਬਰ 2026: ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਜਾਣ ਵਾਲੀ ਸੜਕ ’ਤੇ ਪਿੰਡ ਵੇਈਂ ਪੂਈਂ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਕਾਰ ਚਾਲਕ 21 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ੂ ਕੁਮਾਰ ਵਾਸੀ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਹਾਦਸਾਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ’ਤੇ ਪਹੁੰਚੇ ਥਾਣਾ ਗੋਇੰਦਵਾਲ ਸਾਹਿਬ ਦੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਕਾਰ ਗੋਇੰਦਵਾਲ ਸਾਹਿਬ ਵਾਲੇ ਪਾਸਿਓਂ ਆ ਰਹੀ ਸੀ। ਜਦੋਂ ਕਾਰ ਪਿੰਡ ਵੇਈਂ ਪੂਈਂ ਨੇੜੇ ਮੋੜ ਕੋਲ ਪਹੁੰਚੀ ਤਾਂ ਚਾਲਕ ਗੱਡੀ ’ਤੇ ਕਾਬੂ ਨਹੀਂ ਰੱਖ ਸਕਿਆ, ਜਿਸ ਕਾਰਨ ਕਾਰ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।







