CJP ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ’ਚ ਸਖ਼ਤ ਸੁਰੱਖਿਆ ਪ੍ਰਬੰਧ, ਯੂਟਿਊਬਰ ਧਰੁਵ ਰਾਠੀ, ਅਭਿਜੀਤ ਦੀਪਕੇ, ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਸਮੇਤ ਕਈ ਹਿਰਾਸਤ ’ਚ
ਨਵੀਂ ਦਿੱਲੀ, 10 ਅਕਤੂਬਰ 2026: ਸੀਜੇਪੀ ਵੱਲੋਂ ਅੱਜ ਕੀਤੇ ਜਾਣ ਵਾਲੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਐਨਡੀਐਮਸੀ ਇਲਾਕੇ ਵਿੱਚ ਬੈਰੀਕੇਡਿੰਗ ਕਰਨ ਦੇ ਨਾਲ ਦਿੱਲੀ ਦੀਆਂ ਸਰਹੱਦਾਂ ’ਤੇ ਵੀ ਚੌਕਸੀ ਵਧਾਈ ਗਈ ਹੈ। ਰਿਪੋਰਟ ਮੁਤਾਬਕ, 150 ਤੋਂ ਵੱਧ ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ ਅਤੇ ਦਿੱਲੀ ਮੈਟਰੋ ਦੇ 45 ਸਟੇਸ਼ਨ ਬੰਦ ਕੀਤੇ ਗਏ ਹਨ।
ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਯੂਟਿਊਬਰ ਧਰੁਵ ਰਾਠੀ ਨੂੰ ਦਿੱਲੀ ਅਤੇ ਗੁਰੂਗ੍ਰਾਮ ਪੁਲਿਸ ਦੀ ਸਾਂਝੀ ਟੀਮ ਨੇ ਉਨ੍ਹਾਂ ਦੇ ਗੁਰੂਗ੍ਰਾਮ ਸਥਿਤ ਘਰ ਤੋਂ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਨੂੰ ਸੈਕਟਰ-31 ਕ੍ਰਾਈਮ ਬ੍ਰਾਂਚ ਵਿੱਚ ਰੱਖਿਆ ਗਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ।
ਇਸੇ ਦੌਰਾਨ ਸੀਜੇਪੀ ਦੇ ਤਿੰਨ ਆਗੂਆਂ ਅਭਿਜੀਤ ਦੀਪਕੇ, ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਵੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਲਿਜਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਦਿੱਲੀ-ਗੁਰੂਗ੍ਰਾਮ ਸਰਹੱਦ ’ਤੇ ਜਾਂਚ ਅਤੇ ਬੈਰੀਕੇਡਿੰਗ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇੰਡੀਆ ਗੇਟ, ਜਨਪਥ, ਅਸ਼ੋਕਾ ਰੋਡ ਅਤੇ ਕਨਾਟ ਪਲੇਸ ਸਮੇਤ ਕਈ ਇਲਾਕਿਆਂ ਵਿੱਚ ਸੁਰੱਖਿਆ ਬਲ ਤਾਇਨਾਤ ਹਨ। ਦੂਜੇ ਪਾਸੇ, ‘ਆਪ’ ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਪਾਰਟੀ ਦੇ ਕੌਮੀ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ।







