CJP Protest Delhi: ਪ੍ਰਦਰਸ਼ਨਕਾਰੀਆਂ ਦੀ ਰਿਹਾਈ ਲਈ ਸੋਨਮ ਵਾਂਗਚੁਕ ਦੀ ਚਿਤਾਵਨੀ, ਮਰਨ ਵਰਤ ਜਾਂ ਪੈਦਲ ਮਾਰਚ ਕੱਢਣ ਦੇ ਦਿੱਤੇ ਸੰਕੇਤ

Top Trending News ਰਾਸ਼ਟਰੀ

 

CJP Protest Delhi: ਪ੍ਰਦਰਸ਼ਨਕਾਰੀਆਂ ਦੀ ਰਿਹਾਈ ਲਈ ਸੋਨਮ ਵਾਂਗਚੁਕ ਦੀ ਚਿਤਾਵਨੀ, ਮਰਨ ਵਰਤ ਜਾਂ ਪੈਦਲ ਮਾਰਚ ਕੱਢਣ ਦੇ ਦਿੱਤੇ ਸੰਕੇਤ

ਨਵੀਂ ਦਿੱਲੀ, 10 ਅਕਤੂਬਰ 2026: ਵਾਤਾਵਰਨ ਪੱਖੀ ਕਾਰਕੁਨ ਸੋਨਮ ਵਾਂਗਚੁਕ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਨੌਜਵਾਨਾਂ ਨੂੰ ਐਤਵਾਰ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ਸ਼ੁਰੂ ਕਰ ਸਕਦੇ ਹਨ ਜਾਂ ਪੈਦਲ ਮਾਰਚ ਕੱਢ ਸਕਦੇ ਹਨ।

ਵਾਂਗਚੁਕ ਦੇ ਇਸ ਬਿਆਨ ਨਾਲ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ ਅਤੇ ਵਿਸ਼ੇਸ਼ ਮੁੜ ਸੁਧਾਈ ਦੀ ਪ੍ਰਕਿਰਿਆ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਭਖਣ ਦੇ ਆਸਾਰ ਹਨ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਵਾਂਗਚੁਕ ਨੇ ਕੌਮੀ ਰਾਜਧਾਨੀ ਦਿੱਲੀ ਦੀ ਸਥਿਤੀ ਨੂੰ ‘ਅਣਐਲਾਨੀ ਐਮਰਜੈਂਸੀ’ ਕਰਾਰ ਦਿੱਤਾ। ਉਨ੍ਹਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (SIR) ਦੀ ਪ੍ਰਕਿਰਿਆ ਵਿਰੁੱਧ ਆਵਾਜ਼ ਉਠਾਉਣ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਇਸ ਵਿੱਚ ਸ਼ਾਮਲ ਹੋਏ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ’ਤੇ ਚਿੰਤਾ ਪ੍ਰਗਟਾਈ।

ਵਾਂਗਚੁਕ ਨੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਸੰਕੇਤ ਦਿੱਤਾ ਕਿ ਜੇਕਰ ਨਿਰਧਾਰਤ ਸਮੇਂ ਤੱਕ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਅਗਲੇ ਪੜਾਅ ਵਜੋਂ ਮਰਨ ਵਰਤ ਜਾਂ ਪੈਦਲ ਮਾਰਚ ਦਾ ਰਾਹ ਅਪਣਾ ਸਕਦੇ ਹਨ। ਇਸ ਮਾਮਲੇ ’ਤੇ ਅਗਲੇ ਦਿਨਾਂ ਵਿੱਚ ਸਥਿਤੀ ਹੋਰ ਸਪੱਸ਼ਟ ਹੋਣ ਦੀ ਉਮੀਦ ਹੈ।