1984 ਸਿੱਖ ਨਸਲਕੁਸ਼ੀ ਦੀ ਬਰਸੀ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ ਆਪਣਾ ਦਿੱਲੀ ਕੰਸਰਟ ਮੁਲਤਵੀ ਕਰਨ: ਡਾ. ਵਿਕਰਮ ਸਾਹਨੀ

Top Trending News ਪੰਜਾਬ ਰਾਸ਼ਟਰੀ

1984 ਸਿੱਖ ਨਸਲਕੁਸ਼ੀ ਦੀ ਬਰਸੀ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ ਆਪਣਾ ਦਿੱਲੀ ਕੰਸਰਟ ਮੁਲਤਵੀ ਕਰਨ: ਡਾ. ਵਿਕਰਮ ਸਾਹਨੀ

ਚੰਡੀਗੜ੍ਹ, 10 ਅਕਤੂਬਰ 2026: ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ 1 ਨਵੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਆਪਣੇ ਕੰਸਰਟ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਹੈ।

ਡਾ. ਸਾਹਨੀ ਨੇ ਕਿਹਾ ਕਿ ਦਿਲਜੀਤ ਦੋਸਾਂਝ ਨੇ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਵਿਸ਼ੇਸ਼ ਪਛਾਣ ਦਿਵਾਈ ਹੈ। ਉਹ ਪੰਜਾਬ ਦਾ ਮਾਣ ਹਨ ਅਤੇ ਦੁਨੀਆ ਭਰ ਵਿੱਚ ਭਾਰਤ ਦੀ ਆਵਾਜ਼ ਬਣੇ ਹਨ। ਹਾਲਾਂਕਿ, 1 ਨਵੰਬਰ ਦਾ ਦਿਨ 1984 ਦੇ ਸਿੱਖ ਨਸਲਕੁਸ਼ੀ ਕਾਂਡ ਦੀਆਂ ਦਰਦਨਾਕ ਯਾਦਾਂ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਤ੍ਰਾਸਦੀ ਵਿੱਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਹਜ਼ਾਰਾਂ ਸਿੱਖ ਪਰਿਵਾਰ ਅੱਜ ਵੀ ਉਸ ਦਰਦ ਨਾਲ ਜੀਅ ਰਹੇ ਹਨ। ਅਜਿਹੇ ਵਿੱਚ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕੰਸਰਟ ਕਿਸੇ ਹੋਰ ਦਿਨ ਕਰਵਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਡਾ. ਸਾਹਨੀ ਨੇ ਸਪੱਸ਼ਟ ਕੀਤਾ ਕਿ ਇਹ ਕੰਸਰਟ ਦਾ ਵਿਰੋਧ ਕਰਨ ਜਾਂ ਦਿਲਜੀਤ ਦੇ ਯੋਗਦਾਨ ਨੂੰ ਘਟਾਉਣ ਦਾ ਮਾਮਲਾ ਨਹੀਂ, ਸਗੋਂ ਪੀੜਤਾਂ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਗੀਤ ਲੋਕਾਂ ਨੂੰ ਜੋੜਦਾ ਹੈ, ਪਰ ਇਤਿਹਾਸਕ ਦੁਖਾਂਤਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।