Punjab News: AAP ਕੌਂਸਲਰ ਦਾ ਦੇਹਾਂਤ

Top Trending News ਪੰਜਾਬ

 

Punjab News: AAP ਕੌਂਸਲਰ ਦਾ ਦੇਹਾਂਤ

ਲੁਧਿਆਣਾ ਨਗਰ ਨਿਗਮ ਦੇ ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਕੌਂਸਲਰ ਊਸ਼ਾ ਰਾਣੀ ਦਾ ਦੇਹਾਂਤ

ਲੁਧਿਆਣਾ 12 ਅਕਤੂਬਰ 2026

ਲੁਧਿਆਣਾ ਨਗਰ ਨਿਗਮ ਦੇ ਵਾਰਡ ਨੰਬਰ 47 ਤੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਕੌਂਸਲਰ ਊਸ਼ਾ ਰਾਣੀ ਕਲਿਆਣ ਦਾ ਸ਼ਨਿੱਚਰਵਾਰ ਸਵੇਰੇ 11 ਵਜੇ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਸਥਾਨਕ ਡੀਐੱਮਸੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਸਿਆਸੀ ਅਤੇ ਨਗਰ ਨਿਗਮ ਦੇ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਕੌਂਸਲਰ ਦੇ ਦੇਹਾਂਤ ਕਾਰਨ ਗੁਰੂ ਨਾਨਕ ਭਵਨ ਵਿਖੇ ਹੋਣ ਵਾਲੀ ਨਗਰ ਨਿਗਮ ਦੇ ਸਦਨ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਹੋਰਨਾਂ ਕੌਂਸਲਰਾਂ ਨੇ ਊਸ਼ਾ ਰਾਣੀ ਕਲਿਆਣ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਊਸ਼ਾ ਰਾਣੀ ਕਲਿਆਣ ਦੇ ਪਤੀ ਸੁਰਿੰਦਰ ਕਲਿਆਣ ਸਫ਼ਾਈ ਸੇਵਕ ਬੋਰਡ ਦੇ ਉਪ-ਚੇਅਰਮੈਨ ਹਨ। ਮਰਹੂਮ ਕੌਂਸਲਰ ਦਾ ਅੰਤਿਮ ਸੰਸਕਾਰ ਅਰੋੜਾ ਪੈਲੇਸ ਦੇ ਪਿੱਛੇ ਸਥਿਤ ਦਾਣਾ ਮੰਡੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਪਤਵੰਤੇ, ਪਾਰਟੀ ਕਾਰਕੁਨ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਪਹੁੰਚੇ। ਉਨ੍ਹਾਂ ਨੇ ਮਰਹੂਮ ਕੌਂਸਲਰ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।