ਪਾਵਰ ਬੈਂਕ ਦੀ ਲਪੇਟ ‘ਚ ਆਈ ਇੰਡੀਗੋ ਦੀ ਉਡਾਣ! ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ, 12 ਅਕਤੂਬਰ 2026: ਹਵਾਈ ਯਾਤਰਾ ਦੌਰਾਨ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਖ਼ਤਰਾ ਉਸ ਸਮੇਂ ਟਲ ਗਿਆ, ਜਦੋਂ ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ, ਇਸ ਖ਼ਤਰਨਾਕ ਹਾਦਸੇ ਦਾ ਕਾਰਨ ਇੱਕ ਯਾਤਰੀ ਕੋਲ ਮੌਜੂਦ ਪਾਵਰ ਬੈਂਕ ਵਿੱਚ ਖ਼ਰਾਬੀ ਆਉਣਾ ਦੱਸਿਆ ਜਾ ਰਿਹਾ ਹੈ।
ਜਿਵੇਂ ਹੀ ਜਹਾਜ਼ ਹਵਾ ਵਿੱਚ ਸੀ, ਪਾਵਰ ਬੈਂਕ ਵਿੱਚੋਂ ਅਚਾਨਕ ਚੰਗਿਆੜੀਆਂ ਨਿਕਲੀਆਂ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਭੜਕ ਉੱਠੀ। ਇਸ ਘਟਨਾ ਤੋਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਵਿੱਚ ਭਾਰੀ ਦਹਿਸ਼ਤ ਅਤੇ ਹਫ਼ੜਾ-ਦਫ਼ੜੀ ਮੱਚ ਗਈ। ਘਟਨਾ ਦੇ ਸਮੇਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਅਤੇ ਵੱਖ-ਵੱਖ ਨਿਊਜ਼ ਪਲੇਟਫਾਰਮਾਂ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਹਾਜ਼ ਦੇ ਅੰਦਰ ਅਫਰਾ-ਤਫਰੀ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਘਬਰਾਏ ਹੋਏ ਯਾਤਰੀ ਆਪਣੀ ਜਾਨ ਬਚਾਉਣ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਆਪਣੇ ਬੈਗਾਂ ਅਤੇ ਹੋਰ ਉਪਕਰਨਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਹਾਲਾਂਕਿ, ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਇੰਡੀਗੋ ਏਅਰਲਾਈਨਜ਼ ਦੇ ਕੈਬਿਨ ਕਰੂ ਮੈਂਬਰਾਂ ਨੇ ਬਹੁਤ ਹੀ ਸੂਝ-ਬੂਝ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਕਰੂ ਮੈਂਬਰਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਫਾਇਰ ਐਕਸਟਿੰਗਵਿਸ਼ਰ (ਅੱਗ ਬੁਝਾਊ ਯੰਤਰ) ਦੀ ਵਰਤੋਂ ਕੀਤੀ ਅਤੇ ਅੱਗ ਨੂੰ ਹੋਰ ਜ਼ਿਆਦਾ ਅੱਗੇ ਵਧਣ ਤੋਂ ਰੋਕ ਕੇ ਉਸ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।







