ਨੌਜਵਾਨਾਂ ਨੂੰ ਹੁਣ ਪੰਜਾਬ ਵਿੱਚ ਹੀ ਨੌਕਰੀਆਂ ਮਿਲਣ ਨਾਲ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ: ਮੁੱਖ ਮੰਤਰੀ ਭਗਵੰਤ ਮਾਨ

Top Trending News ਪੰਜਾਬ
  • ਨੌਜਵਾਨਾਂ ਨੂੰ ਹੁਣ ਪੰਜਾਬ ਵਿੱਚ ਹੀ ਨੌਕਰੀਆਂ ਮਿਲਣ ਨਾਲ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ: ਮੁੱਖ ਮੰਤਰੀ ਭਗਵੰਤ ਮਾਨ
  • ਪਾਸਪੋਰਟ ਬਣਾਉਣ ਦੀ ਮੰਗ ਘਟੀ ਕਿਉਂਕਿ ਨੌਜਵਾਨ ਹੁਣ ਪੰਜਾਬ ਵਿੱਚ ਹੀ ਬਣਾ ਰਹੇ ਆਪਣਾ ਭਵਿੱਖ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਪਹਿਲਾਂ ਰੋਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਸਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਅਸੀਂ 70,000 ਸਰਕਾਰੀ ਨੌਕਰੀਆਂ ਦਿੱਤੀਆਂ, ਭਰਤੀ ਬਦਲੇ ਪੈਸੇ ਲੈਣ ਦਾ ਸਾਡੇ ‘ਤੇ ਕੋਈ ਦੋਸ਼ ਨਹੀਂ ਲੱਗਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਅੱਜ ਪੰਜਾਬ ਦੇ ਹਰ ਪਿੰਡ ਦੇ ਵਿਕਾਸ ‘ਤੇ ਖ਼ਰਚੇ ਜਾ ਰਹੇ ਹਨ ਕਰੋੜਾਂ ਰੁਪਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਸਦਕਾ ਇਸ ਸਾਲ 882 ਵਿਦਿਆਰਥੀਆਂ ਨੇ ਨੀਟ ਪਾਸ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਸੱਤਾ ਦੀ ਭੁੱਖ ਲਈ ਆਪਸ ਵਿੱਚ ਲੜਨ ਵਾਲੇ ਕਾਂਗਰਸੀ ਅਤੇ ਅਕਾਲੀ ਆਗੂ ਪੰਜਾਬ ਦਾ ਭਲਾ ਨਹੀਂ ਕਰ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਨਸ਼ਿਆਂ ਦੇ ਨਾਂ ‘ਤੇ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਦੇਣਾ ਪਵੇਗਾ ਹਿਸਾਬ; ਮੁੱਖ ਸਰਗਨੇ ਵਿਰੁੱਧ 40,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ, ਜੋ ਹੁਣ ਜਵਾਬਦੇਹੀ ਤੋਂ ਨਹੀਂ ਭੱਜ ਸਕਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਜਗਰਾਉਂ ਹਲਕੇ ਦੇ ਪਿੰਡ ਕਮਾਲਪੁਰਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕੀਤਾ ਰਾਬਤਾ

ਜਗਰਾਉਂ, 29 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ, ਜਿਸ ਨਾਲ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹੋਣ ਦੀ ਬਜਾਏ ਆਪਣੇ ਸੂਬੇ ਵਿੱਚ ਹੀ ਭਵਿੱਖ ਸਵਾਰ ਰਹੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ 70,000 ਸਰਕਾਰੀ ਨੌਕਰੀਆਂ, ਸਰਕਾਰੀ ਸਕੂਲਾਂ ਦੇ ਸੁਧਾਰ ਸਦਕਾ ਇਸ ਸਾਲ 882 ਵਿਦਿਆਰਥੀਆਂ ਵੱਲੋਂ ਨੀਟ ਪਾਸ ਕਰਨ ਅਤੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕਰਨ ਨੂੰ ਪੰਜਾਬ ਦੀ ਬਦਲਦੀ ਤਕਦੀਰ ਦਾ ਪ੍ਰਮਾਣ ਦੱਸਿਆ।

ਲੁਧਿਆਣਾ ਦੇ ਜਗਰਾਉਂ ਵਿਧਾਨ ਸਭਾ ਹਲਕੇ ਦੇ ਪਿੰਡ ਕਮਾਲਪੁਰਾ ਵਿਖੇ ਕਰਵਾਏ ਗਏ ‘ਲੋਕ ਮਿਲਣੀ’ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ, ਕਿਸਾਨਾਂ ਅਤੇ ਔਰਤਾਂ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਬਜਾਏ ਕੁਰਸੀ ਖ਼ਾਤਰ ਆਪਸ ਵਿੱਚ ਲੜਨ ਵਾਲੇ ਕਾਂਗਰਸੀ ਤੇ ਅਕਾਲੀ ਆਗੂਆਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਮਜੀਠੀਆ ਲਈ ਜਵਾਬਦੇਹੀ ਤੋਂ ਬਚਣਾ ਔਖਾ ਹੋ ਜਾਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ‘ਐਕਸ’ ਹੈਂਡਲ ’ਤੇ ਕਿਹਾ, “ਅੱਜ ਲੁਧਿਆਣਾ ਦੇ ਜਗਰਾਉਂ ਵਿਧਾਨ ਸਭਾ ਹਲਕੇ ਦੇ ਪਿੰਡ ਕਮਾਲਪੁਰਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਵੱਡੇ ਗਿਣਤੀ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ ਸਰਪੰਚ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਮੈਂ ਖੁਦ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਭਲੀ-ਭਾਂਤ ਸਮਝਦਾ ਹਾਂ। ਇਸੇ ਲਈ ਅਸੀਂ ਖੇਤੀ ਟਿਊਬਵੈੱਲਾਂ ਲਈ ਰਾਤ ਦੀ ਬਜਾਏ ਦਿਨ ਵੇਲੇ ਬਿਜਲੀ ਦੇਣੀ ਸ਼ੁਰੂ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਖੱਜਲ-ਖ਼ੁਆਰੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਵੀ ਆਪਣੇ ਬੈਂਕ ਖਾਤੇ ਅਤੇ ਏਟੀਐੱਮ ਤਿਆਰ ਰੱਖਣ, ਕਿਉਂਕਿ ਸਨਮਾਨ ਰਾਸ਼ੀ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਆਉਣ ਵਾਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਜਿੱਥੇ ਅਹੁਦਿਆਂ ਅਤੇ ਕੁਰਸੀ ਲਈ ਲੜ ਰਹੀ ਹੈ, ਉੱਥੇ ਹੀ ਸਾਡਾ ਇੱਕੋ-ਇੱਕ ਟੀਚਾ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਹੈ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਰਨੈਲਾਂ ਅਤੇ ਖਿਡਾਰੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਨੂੰ ਨਸ਼ਿਆਂ ਨਾਲ ਜੋੜ ਕੇ ਬਦਨਾਮ ਕਰਨ ਵਾਲਿਆਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਮੁੱਖ ਸਰਗਨੇ ਖ਼ਿਲਾਫ਼ 40,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਨੇ ਆਪਣੇ ਸੱਤਾ ਦੇ ਦਿਨਾਂ ਦੌਰਾਨ ਸਰਕਾਰੀ ਗੱਡੀਆਂ ਵਿੱਚ ਨਸ਼ੇ ਦੀ ਤਸਕਰੀ ਕਰਵਾਈ ਸੀ। ਸੂਬੇ ਦੇ ਸਰਮਾਏ ਨੂੰ ਲੁੱਟਣ ਵਾਲੇ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਇਹ ਲੋਕ ਆਪਸ ਵਿੱਚ ਮਿਲੇ ਹੋਏ ਹਨ ਅਤੇ ਇਨ੍ਹਾਂ ਨੂੰ ਆਪਣੇ ਕੁਕਰਮਾਂ ਦਾ ਜਵਾਬ ਦੇਣਾ ਹੀ ਪਵੇਗਾ।”

ਆਪਣੇ ਨਿੱਜੀ ਹਿੱਤਾਂ ਦੀ ਰਾਖੀ ਲਈ ਇਕੱਠੇ ਹੋਣ ਵਾਲੇ ਸਿਆਸੀ ਆਗੂਆਂ ‘ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੈਸੇ ਤਾਂ ਇਹ ਲੀਡਰ ਅੰਦਰੋਂ ਇਕੱਠੇ ਹੁੰਦੇ ਹਨ ਪਰ ਬਾਹਰ ਸਿਆਸੀ ਲਾਹੇ ਲਈ ਲੋਕਾਂ ਵਿੱਚ ਵੰਡੀਆਂ ਪਾਉਣ ਵਾਲੇ ਅਤੇ ਆਪਸੀ ਕੁੜੱਤਣ ਵਾਲੇ ਬਿਆਨ ਦਿੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਬੋਲੀ ਬਾਰੇ ਉਨ੍ਹਾਂ ਦੀ ਸਮਝ ‘ਤੇ ਸਵਾਲ ਚੁੱਕੇ ਅਤੇ ਬਾਦਲ ਪਰਿਵਾਰ ਦੇ ਸਿਆਸੀ ਵਾਰਸ ਦੀ ਪੰਜਾਬੀ ਭਾਸ਼ਾ ‘ਤੇ ਪਕੜ ਨੂੰ ਲੈ ਕੇ ਤਨਜ਼ ਕੱਸਿਆ। ਉਨ੍ਹਾਂ ਆਖਿਆ, “ਸੂਬੇ ਦੀ ਭਾਸ਼ਾ ਅਤੇ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਇਹ ਆਗੂ ਕਦੇ ਵੀ ਇੱਥੋਂ ਦੇ ਲੋਕਾਂ ਦੀ ਆਵਾਜ਼ ਨਹੀਂ ਬਣ ਸਕਦੇ।”

ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਾਰਟੀ ਇਸ ਲਈ ਹਾਸ਼ੀਏ ‘ਤੇ ਹੈ ਕਿਉਂਕਿ ਇਸ ਦੇ ਆਗੂ ਜਨਤਾ ਦੀ ਸੇਵਾ ਕਰਨ ਦੀ ਥਾਂ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਗੂਆਂ ਦਾ ਸਾਂਝਾ ਮਕਸਦ ਸਿਰਫ਼ ਮੈਨੂੰ ਕੁਰਸੀ ਤੋਂ ਲਾਹੁਣਾ ਹੈ ਕਿਉਂਕਿ ਸਾਡੀ ਸਰਕਾਰ ਨੇ ਲੋਕ ਭਲਾਈ ਨੂੰ ਪਹਿਲ ਦਿੱਤੀ ਹੈ।

ਉਨ੍ਹਾਂ ਕਿਹਾ, “ਕਾਂਗਰਸ, ਅਕਾਲੀ ਅਤੇ ਭਾਜਪਾ ਆਗੂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੇ, ਪਰ ਉਹ ਆਪਸ ਵਿੱਚ ਕਦੇ ਇੱਕ-ਦੂਜੇ ਵਿਰੁੱਧ ਨਹੀਂ ਬੋਲਦੇ। ਉਨ੍ਹਾਂ ਦਾ ਸਾਂਝਾ ਏਜੰਡਾ ਸਿਰਫ਼ ਮੈਨੂੰ ਹਟਾਉਣਾ ਹੈ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੇਰੀ ਸਭ ਤੋਂ ਵੱਡੀ ਤਾਕਤ ਲੋਕਾਂ ਦਾ ਸਾਥ ਹੈ ਅਤੇ ਇਸੇ ਤਾਕਤ ਦੇ ਸਿਰ ‘ਤੇ ਅਸੀਂ ਪੰਜਾਬ ਵਿਰੋਧੀ ਤਾਕਤਾਂ ਨੂੰ ਮਾਤ ਦਿੰਦੇ ਰਹਾਂਗੇ।”

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਇਸ ਕਰਕੇ ਨਕਾਰਿਆ ਸੀ ਕਿਉਂ ਕਿ ਉਹ ਆਮ ਲੋਕਾਂ ਦੇ ਰੋਜ਼ਮੱਰਾ ਦੀਆਂ ਦੁੱਖ-ਤਕਲੀਫ਼ਾਂ ਤੋਂ ਪੂਰੀ ਤਰ੍ਹਾਂ ਅਣਜਾਣ ਰਹੇ। ਉਨ੍ਹਾਂ ਕਿਹਾ ਕਿ ਸੱਤਾ ਦੀ ਵਰਤੋਂ ਜਾਇਦਾਦਾਂ ਬਣਾਉਣ ਜਾਂ ਰਸੂਖ਼ ਕਾਇਮ ਰੱਖਣ ਲਈ ਨਹੀਂ, ਸਗੋਂ ਲੋਕ ਸੇਵਾ ਲਈ ਹੋਣੀ ਚਾਹੀਦੀ ਹੈ।

ਆਪਣੀ ਸਰਕਾਰ ਦੇ ਰੋਜ਼ਗਾਰ ਦੇ ਰਿਕਾਰਡ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ ਪੂਰੀ ਪਾਰਦਰਸ਼ਤਾ ਨਾਲ ਨਿਰੋਲ ਮੈਰਿਟ ਦੇ ਆਧਾਰ ‘ਤੇ ਨੌਜਵਾਨਾਂ ਨੂੰ 70,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ, “ਪਹਿਲਾਂ ਨੌਜਵਾਨ ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਦਾ ਰੁਖ਼ ਕਰਨ ਲਈ ਮਜਬੂਰ ਸਨ ਅਤੇ ਸਰਕਾਰੀ ਨੌਕਰੀਆਂ ਸਿਰਫ਼ ਪੈਸੇ ਤੇ ਸਿਆਸੀ ਪਹੁੰਚ ਵਾਲਿਆਂ ਨੂੰ ਹੀ ਮਿਲਦੀਆਂ ਸਨ। ਅੱਜ ਪੰਜਾਬ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕੋ-ਇੱਕ ਜ਼ਰੀਆ ਸਿਰਫ਼ ਮੈਰਿਟ ਹੀ ਹੈ। ਸਾਡੇ ਨੌਜਵਾਨਾਂ ਨੂੰ ਬਿਨਾਂ ਕੋਈ ਪੈਸਾ ਦਿੱਤੇ ਅਤੇ ਬਿਨਾਂ ਕਿਸੇ ਸਿਫ਼ਾਰਸ਼ ਦੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਰਾਹੀਂ ਨੌਕਰੀ ਲੈਣ ਦੇ ਮੌਕੇ ਮਿਲ ਰਹੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਅਜਿਹਾ ਮਾਹੌਲ ਸਿਰਜ ਰਹੀ ਹੈ, ਜਿਸ ਵਿੱਚ ਨੌਜਵਾਨ ਰੋਜ਼ੀ-ਰੋਟੀ ਦੀ ਭਾਲ ਲਈ ਹਿਜਰਤ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਆਪਣਾ ਭਵਿੱਖ ਬਣਾ ਸਕਣ। ਉਨ੍ਹਾਂ ਕਿਹਾ, “ਪੰਜਾਬ ਦੀ ਵਿਕਾਸ ਨੀਤੀ ਮੌਕਿਆਂ ਦੇ ਵਿਸਥਾਰ, ਜਨਤਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਕਾਰੀ ਵਸੀਲਿਆਂ ਨੂੰ ਆਮ ਪਰਿਵਾਰਾਂ ਤੱਕ ਪਹੁੰਚਾਉਣ ‘ਤੇ ਕੇਂਦਰਿਤ ਹੈ।”

ਸਿੱਖਿਆ ਨੂੰ ਗ਼ਰੀਬੀ ਚੱਕਰ ਖ਼ਤਮ ਕਰਨ ਦਾ ਸਭ ਤੋਂ ਕਾਰਗਰ ਸਾਧਨ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਾਜ਼ਾ ਨਤੀਜਿਆਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ, ਜਦਕਿ 2021 ਵਿੱਚ ਇਹ ਗਿਣਤੀ ਸਿਰਫ਼ 80 ਸੀ। ਉਨ੍ਹਾਂ ਕਿਹਾ, “ਦੇਸ਼ ਭਰ ਵਿੱਚ ਹਰ ਸਾਲ 30 ਲੱਖ ਤੋਂ ਵੱਧ ਵਿਦਿਆਰਥੀ ਨੀਟ ਪ੍ਰੀਖਿਆ ਦਿੰਦੇ ਹਨ। ਸਾਡੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਦਾ ਇਹ ਪ੍ਰੀਖਿਆ ਪਾਸ ਕਰਨਾ ਸਰਕਾਰੀ ਸਿੱਖਿਆ ਦੇ ਮਿਆਰ ਵਿੱਚ ਆਏ ਸੁਧਾਰ ਨੂੰ ਦਰਸਾਉਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਆਮ ਘਰਾਂ ਦੇ ਬੱਚਿਆਂ ਨੂੰ ਵੀ ਡਾਕਟਰ ਅਤੇ ਪੇਸ਼ੇਵਰ ਬਣਨ ਦੇ ਉਹੀ ਮੌਕੇ ਮਿਲਣ, ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਲਦੇ ਹਨ।”

ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਮੁਫ਼ਤ ਸਹੂਲਤਾਂ ਜਾਂ ਭਲਾਈ ਕਾਰਡਾਂ ਨਾਲ ਗ਼ਰੀਬੀ ਨੂੰ ਪੱਕੇ ਤੌਰ ‘ਤੇ ਖ਼ਤਮ ਨਹੀਂ ਕੀਤਾ ਜਾ ਸਕਦਾ, ਸਗੋਂ ਮਿਆਰੀ ਸਿੱਖਿਆ ਹੀ ਸਥਾਈ ਮੌਕੇ ਅਤੇ ਸਮਾਜਿਕ ਤਰੱਕੀ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦਾ ਪੈਸਾ ਸਰਕਾਰੀ ਸਕੂਲਾਂ ਦੀ ਮਜ਼ਬੂਤੀ ਅਤੇ ਸਿੱਖਿਆ ਦੇ ਪਸਾਰ ਵਿੱਚ ਲਗਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 90 ਫ਼ੀਸਦੀ ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਹੁਣ ਦਿਨ ਵੇਲੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਰਾਤ ਵੇਲੇ ਖੇਤਾਂ ਨੂੰ ਪਾਣੀ ਲਾਉਣ ਦੀਆਂ ਔਕੜਾਂ ਖ਼ਤਮ ਹੋ ਗਈਆਂ ਹਨ।

ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਸੜਕਾਂ ਦਾ ਸੁਧਾਰ ਕੀਤਾ, ਆਮ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਟੋਲ ਪਲਾਜ਼ੇ ਬੰਦ ਕੀਤੇ, ਸਿਹਤ ਸਹੂਲਤਾਂ ਮਜ਼ਬੂਤ ਕੀਤੀਆਂ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕੀਤਾ। ਟੋਲ ਪਲਾਜ਼ੇ ਬੰਦ ਹੋਣ ਨਾਲ ਲੋਕਾਂ ਦੇ ਰੋਜ਼ਾਨਾ ਲਗਭਗ 70 ਲੱਖ ਰੁਪਏ ਬਚ ਰਹੇ ਹਨ। ਟੈਕਸਾਂ ਰਾਹੀਂ ਇਕੱਠਾ ਹੋਇਆ ਇੱਕ-ਇੱਕ ਰੁਪਿਆ ਜਨਤਾ ਦਾ ਹੈ। ਇਸ ਪੈਸੇ ਦੀ ਇਮਾਨਦਾਰੀ ਨਾਲ ਉਨ੍ਹਾਂ ਦੀ ਭਲਾਈ ਲਈ ਵਰਤੋਂ ਕਰਨਾ ਸਾਡੀ ਜ਼ਿੰਮੇਵਾਰੀ ਹੈ। ਲੋਕਾਂ ਦਾ ਪੈਸਾ ਬਿਹਤਰ ਸਕੂਲਾਂ, ਹਸਪਤਾਲਾਂ, ਸੜਕਾਂ, ਬਿਜਲੀ ਅਤੇ ਵਿਕਾਸ ਕਾਰਜਾਂ ਰਾਹੀਂ ਮੁੜ ਉਨ੍ਹਾਂ ਤੱਕ ਪਹੁੰਚਣਾ ਚਾਹੀਦਾ ਹੈ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਪੇਂਡੂ ਭਾਈਚਾਰਿਆਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮਿਲਣ।

ਨਸ਼ਿਆਂ ਵਿਰੁੱਧ ਲੜਾਈ ਵਿੱਚ ਖੇਡਾਂ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੁਨਹਿਰੀ ਭਵਿੱਖ ਵੱਲ ਤੋਰਨ ਲਈ ਪੰਜਾਬ ਭਰ ਵਿੱਚ 3,100 ਸਟੇਡੀਅਮ ਬਣਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਖੇਡ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਪੇਂਡੂ ਨੌਜਵਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰੇਗਾ, ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰੇਗਾ ਅਤੇ ਨਸ਼ਿਆਂ ਦੇ ਰਾਹ ਪੈਣ ਵਾਲੇ ਨੌਜਵਾਨਾਂ ਨੂੰ ਇੱਕ ਸਾਰਥਕ ਬਦਲ ਮੁਹੱਈਆ ਕਰਵਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ‘ਤੇ ਇਲਾਜ ਦੇ ਵਿੱਤੀ ਬੋਝ ਨੂੰ ਘਟਾਉਣ ਦੇ ਮਕਸਦ ਨਾਲ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਹੈ।

ਉਨ੍ਹਾਂ ਇਸ ਸਕੀਮ ਨੂੰ ਮਿਆਰੀ ਡਾਕਟਰੀ ਇਲਾਜ ਦੀ ਆਸਾਨ ਪਹੁੰਚ ਯਕੀਨੀ ਬਣਾਉਣ ਵੱਲ ਵੱਡਾ ਕਦਮ ਦੱਸਦਿਆਂ ਕਿਹਾ ਕਿ ਹੁਣ ਪਰਿਵਾਰਾਂ ਨੂੰ ਇਲਾਜ ਦੌਰਾਨ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ, “ਸਿਹਤ ਸਹੂਲਤਾਂ ਕਦੇ ਵੀ ਅਜਿਹਾ ਬੋਝ ਨਹੀਂ ਬਣਨੀਆਂ ਚਾਹੀਦੀਆਂ ਜੋ ਪਰਿਵਾਰਾਂ ਨੂੰ ਕਰਜ਼ੇ ਹੇਠ ਦੱਬ ਦੇਣ। ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਲੋਕ ਖ਼ਰਚੇ ਦੀ ਚਿੰਤਾ ਕੀਤੇ ਬਿਨਾਂ ਆਪਣਾ ਇਲਾਜ ਕਰਵਾ ਸਕਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ 18 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਹਰੇਕ ਯੋਗ ਔਰਤ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀ ਹਰੇਕ ਔਰਤ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਪਹਿਲਾਂ ਤੋਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਲੈ ਰਹੀਆਂ ਔਰਤਾਂ ਵੀ ਇਸ ਦੀਆਂ ਹੱਕਦਾਰ ਹੋਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਨਾਲ ਪੰਜਾਬ ਦੀਆਂ 97 ਫ਼ੀਸਦੀ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਸੂਬੇ ਦੇ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਗਏ ਹਨ।

ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤੇ ਚਾਲੂ ਰੱਖਣ ਅਤੇ ਲੋੜੀਂਦੇ ਦਸਤਾਵੇਜ਼ ਤਿਆਰ ਰੱਖਣ ਤਾਂ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਵਿੱਤੀ ਸਹਾਇਤਾ ਮਿਲ ਸਕੇ।

ਸਿੰਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ 1,587 ਪਿੰਡਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ ਜਿੱਥੇ ਪਹਿਲਾਂ ਕਦੇ ਨਹਿਰੀ ਪਾਣੀ ਨਹੀਂ ਸੀ ਪਹੁੰਚਿਆ। ਉਨ੍ਹਾਂ ਕਿਹਾ, “ਸਾਡੀ ਸਰਕਾਰ ਨੇ ਨਹਿਰੀ ਸਿੰਜਾਈ ਦੇ ਪਸਾਰ ਅਤੇ ਕਿਸਾਨਾਂ ਲਈ ਪਾਣੀ ਦੀ ਉਪਲਬਧਤਾ ਵਧਾਉਣ ਲਈ 7,200 ਕਰੋੜ ਰੁਪਏ ਖ਼ਰਚ ਕੀਤੇ ਹਨ। ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਹਿਰੀ ਸਿੰਜਾਈ ਅਧੀਨ ਰਕਬਾ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਤੋਂ ਵੱਧ ਹੋ ਗਿਆ ਹੈ। ਸਾਲ 2022 ਵਿੱਚ ਨਹਿਰੀ ਪਾਣੀ ਸਿਰਫ਼ 20.89 ਲੱਖ ਏਕੜ ਰਕਬੇ ਤੱਕ ਪਹੁੰਚਦਾ ਸੀ, ਜੋ ਹੁਣ ਵਧ ਕੇ 60.30 ਲੱਖ ਏਕੜ ਹੋ ਗਿਆ ਹੈ।”

ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਭਰ ਵਿੱਚ ਆਵਾਜਾਈ ਸੁਖਾਲੀ ਬਣਾਉਣ ਅਤੇ ਸੰਪਰਕ ਨੂੰ ਬਿਹਤਰ ਕਰਨ ਲਈ ਲਗਭਗ 45,000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਆਪਣੇ ਸੰਬੋਧਨ ਦੇ ਅੰਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਧਿਆਨ ਲੋਕ ਭਲਾਈ, ਰੋਜ਼ਗਾਰ, ਸਿੱਖਿਆ, ਸਿਹਤ, ਖੇਤੀਬਾੜੀ ਅਤੇ ਪੇਂਡੂ ਵਿਕਾਸ ਰਹੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਦੇ ਲੋਕ ਉਨ੍ਹਾਂ ਕਾਰਜਾਂ ਵਿੱਚ ਸਰਕਾਰ ਦਾ ਹਮੇਸ਼ਾ ਸਾਥ ਦੇਣਗੇ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਸੂਬੇ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵੱਲ ਸੇਧਿਤ ਹਨ।