ਠੇਕਾ ਮੁਲਾਜ਼ਮਾਂ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਮੰਤਰੀ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ

Top Trending News ਪੰਜਾਬ
  • ਠੇਕਾ ਮੁਲਾਜ਼ਮਾਂ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਮੰਤਰੀ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ
  • ਮੋਰਚੇ ਵੱਲੋਂ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਚ ਸੰਘਰਸ਼ ਜਾਰੀ ਰੱਖਣ ਦਾ ਫੈਸਲਾ
  • 31 ਅਕਤੂਬਰ ਨੂੰ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਲੁਧਿਆਣਾ ਵਿਖੇ ਹੋਵੇਗੀ ਮੀਟਿੰਗ

ਚੰਡੀਗੜ੍ਹ, 30 ਅਕਤੂਬਰ (ਦੇਸ਼ ਕਲਿੱਕ ਬਿਊਰੋ): ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂ ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂ, ਸਿਮਰਨਜੀਤ ਸਿੰਘ ਨੀਲੋ, ਆਦਿ ਆਗੂਆਂ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਤਕਰੀਬਨ ਇੱਕ ਘੰਟਾ ਮੀਟਿੰਗ ਚੱਲੀ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਸੈਕਟਰੀ, ਡਾਇਰੈਕਟਰ , ਸੀਵਰੇਜ਼ ਬੋਰਡ ਤੋਂ ਚੀਫ ਇੰਜੀਨੀਅਰ, ਡਾਇਰੈਕਟਰ ਪੀਆਰਟੀਸੀ ਪਨਬਸ , ਸੈਕਟਰੀ ਪਾਵਰਕਾਮ ਆਦਿ ਵਿਭਾਗਾਂ ਦੀ ਉੱਚ ਅਧਿਕਾਰੀ ਮੌਜੂਦ ਰਹੇ।

ਆਗੂਆਂ ਨੇ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕਰਦੇ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਸਬੰਧਤ ਵਿਭਾਗਾਂ ਵਿੱਚ ਸਿੱਧਾ ਕੰਟਰੈਕਟ ਤੇ ਕੀਤਾ ਜਾਵੇ ਅਤੇ ਗੁਜਾਰੇ ਯੋਗ ਤਨਖਾਹ ਲਾਗੂ ਕਰਵਾਈ ਜਾਵੇ। ਵਿੱਤ ਮੰਤਰੀ ਵੱਲੋਂ ਮੀਟਿੰਗ ਵਿੱਚ ਪੁੱਜੀ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਇਹ ਸਖਤ ਹਦਾਇਤਾਂ ਕੀਤੀਆਂ ਹਨ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।

ਪਾਵਰ ਕਾਮ ,ਥਰਮਲਾਂ ਅਤੇ ਟਰਾਂਸਪੋਰਟ ਵਿੱਚ ਜਿਨਾ ਆਊਟਸੋਰਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਉਹਨਾਂ ਨੂੰ ਡਿਊਟੀ ਤੇ ਨਿਯੁਕਤ ਕੀਤਾ ਜਾਵੇ। ਉਨਾਂ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਕੰਟਰੈਕਟ ਤੇ ਲੈਣ ਲਈ ਪ੍ਰਕਰਿਆ ਤੇਜ ਕੀਤੀ ਜਾਵੇ।

ਇਸ ਦੇ ਨਾਲ ਆਊਟ ਸੋਰਸ ਮੁਲਾਜ਼ਮਾਂ ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ,ਪਨਬਸ, ਰੋਡਵੇਜ ਅਤੇ ਪੀਆਰਟੀਸੀ ਦੇ ਮੁਲਾਜਮਾ ਨੂੰ ਸਿੱਧਾ ਕੰਟਰੈਕਕਟ ਤੇ ਲੈਣ ਦੇ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਮੀਟਿੰਗ ਤੋਂ ਬਾਅਦ ਮੋਰਚੇ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਐਲਾਨ ਕੀਤਾ ਕਿ 31 ਅਕਤੂਬਰ ਨੂੰ ਲੁਧਿਆਣਾ ਇਸ ਭਵਨ ਵਿਖੇ ਮੀਟਿੰਗ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹਰਕੇਸ਼ ਸਿੰਘ ਵਿੱਕੀ,ਪਰਮਜੀਤ ਸਿੰਘ ਢਿੱਲੋ,ਬਲਵਿੰਦਰ ਸਿੰਘ ਸੈਣੀ,ਗਗਨਦੀਪ ਸਿੰਘ ਕਣਕਵਾਲ, ਸ਼ਮਸ਼ੇਰ ਸਿੰਘ ਢਿੱਲੋ, ਸੰਦੀਪ ਖੱਤਰੀ, ਬਲਜਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ।