- ਦਿਵਾਲੀ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਦਾ ਰਾਹ ਹੋ ਸਕਦਾ ਹੈ ਸਾਫ਼
- ਸੀਟਾਂ ਦੀ ਵੰਡ ਬਾਰੇ ਦੋਵਾਂ ਪਾਰਟੀਆਂ ਵਿਚਕਾਰ ਸਹਿਮਤੀ ਬਣਨ ਦੇ ਸੰਕੇਤ
- ਮੁੱਖ ਮੰਤਰੀ ਅਕਾਲੀ ਦਲ ਅਤੇ ਡਿਪਟੀ ਮੁੱਖ ਮੰਤਰੀ ਭਾਜਪਾ ਦਾ ਹੋਣ ਦੀ ਚਰਚਾ
ਚੰਡੀਗੜ੍ਹ, 3 ਨਵੰਬਰ (ਦੇਸ਼ ਕਲਿੱਕ ਬਿਓਰੋ): ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਗੱਠਜੋੜ ਹੋਣ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਹੁਣ ਸਿਰੇ ਲੱਗਣ ਵੱਲ ਵਧਦੀਆਂ ਦਿਖਾਈ ਦੇ ਰਹੀਆਂ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਦਿਵਾਲੀ ਤੋਂ ਬਾਅਦ ਦੋਵੇਂ ਪਾਰਟੀਆਂ ਮੁੜ ਇਕੱਠੀਆਂ ਹੋਣ ਦਾ ਐਲਾਨ ਕਰ ਸਕਦੀਆਂ ਹਨ।
ਅਕਾਲੀ ਹਲਕਿਆਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਦੇ ਰਾਹ ਵਿੱਚ ਆ ਰਹੀਆਂ ਕੁਝ ਅਹਿਮ ਰੁਕਾਵਟਾਂ ਦੂਰ ਹੋਣ ਦੇ ਸੰਕੇਤ ਮਿਲ ਰਹੇ ਹਨ। ਖ਼ਾਸ ਕਰਕੇ ਦੋਵਾਂ ਪਾਰਟੀਆਂ ਵਿਚਕਾਰ ਵੱਡੇ ਅਤੇ ਛੋਟੇ ਭਰਾ ਦੀ ਭੂਮਿਕਾ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਹੁਣ ਕਿਸੇ ਹੱਦ ਤੱਕ ਸੁਲਝਦੀ ਦਿਖਾਈ ਦੇ ਰਹੀ ਹੈ।
ਸੂਤਰਾਂ ਅਨੁਸਾਰ ਭਾਜਪਾ ਪੰਜਾਬ ਵਿਧਾਨ ਸਭਾ ਦੀਆਂ 35 ਤੋਂ 40 ਸੀਟਾਂ ’ਤੇ ਚੋਣ ਲੜਨ ਦੀ ਇੱਛੁਕ ਦੱਸੀ ਜਾ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ 65 ਤੋਂ 70 ਸੀਟਾਂ ਆਪਣੇ ਹਿੱਸੇ ਰੱਖਣਾ ਚਾਹੁੰਦਾ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਕਾਰ ਚੱਲ ਰਹੀ ਗੱਲਬਾਤ ਹੁਣ ਸਹਿਮਤੀ ਦੇ ਨੇੜੇ ਪਹੁੰਚਣ ਦੀ ਚਰਚਾ ਹੈ।
ਇਸ ਤੋਂ ਇਲਾਵਾ ਗੱਠਜੋੜ ਹੋਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਸਿਆਸੀ ਹਲਕਿਆਂ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਹੁੰਦਾ ਹੈ ਤਾਂ ਮੁੱਖ ਮੰਤਰੀ ਦਾ ਅਹੁਦਾ ਸ਼੍ਰੋਮਣੀ ਅਕਾਲੀ ਦਲ ਕੋਲ ਰਹਿ ਸਕਦਾ ਹੈ, ਜਦਕਿ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਭਾਜਪਾ ਨੂੰ ਦਿੱਤੇ ਜਾਣ ਦੀ ਸੰਭਾਵਨਾ ਬਾਰੇ ਗੱਲਬਾਤ ਹੋਣ ਦੀ ਚਰਚਾ ਹੈ।
ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਗੱਠਜੋੜ, ਸੀਟਾਂ ਦੀ ਵੰਡ ਜਾਂ ਮੁੱਖ ਮੰਤਰੀ ਦੇ ਅਹੁਦੇ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਲਈ ਦਿਵਾਲੀ ਤੋਂ ਬਾਅਦ ਹੋਣ ਵਾਲੀਆਂ ਸਿਆਸੀ ਸਰਗਰਮੀਆਂ ਅਤੇ ਦੋਵਾਂ ਪਾਰਟੀਆਂ ਦੇ ਆਗੂਆਂ ਦੀਆਂ ਮੀਟਿੰਗਾਂ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।







