ਵੱਡੀ ਖ਼ਬਰ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਰੇਲਵੇ ਪਟੜੀ ’ਤੇ ਧਮਾਕਾ

Top Trending News ਰਾਸ਼ਟਰੀ

 

ਵੱਡੀ ਖ਼ਬਰ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਰੇਲਵੇ ਪਟੜੀ ’ਤੇ ਧਮਾਕਾ

ਸ੍ਰੀਗੰਗਾਨਗਰ 4 ਨਵੰਬਰ 2026

ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਰੇਲਵੇ ਪਟੜੀ ’ਤੇ ਹੋਏ ਧਮਾਕੇ ਕਾਰਨ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਇਹ ਧਮਾਕਾ ਰਾਮਸਿੰਘਪੁਰ ਥਾਣਾ ਖੇਤਰ ਅਧੀਨ ਅਨੂਪਗੜ੍ਹ-ਸੂਰਤਗੜ੍ਹ ਰੇਲ ਮਾਰਗ ’ਤੇ 50 ਜੀ.ਬੀ. ਦੇ ਨੇੜੇ ਹੋਇਆ।

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਰੇਲਵੇ ਪਟੜੀ ਦੇ ਹੇਠਾਂ ਬਣੇ ਸੀਮਿੰਟ ਦੇ ਦੋ ਥੰਮ੍ਹੇ ਨੁਕਸਾਨੇ ਗਏ। ਹਾਲਾਂਕਿ ਸੁਖਦ ਗੱਲ ਇਹ ਰਹੀ ਕਿ ਘਟਨਾ ਸਮੇਂ ਉੱਥੋਂ ਕੋਈ ਰੇਲ ਗੱਡੀ ਨਹੀਂ ਲੰਘ ਰਹੀ ਸੀ ਅਤੇ ਇਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਮੁੱਢਲੀ ਜਾਣਕਾਰੀ ਅਨੁਸਾਰ ਅਨੂਪਗੜ੍ਹ ਤੋਂ ਸੂਰਤਗੜ੍ਹ ਵੱਲ ਜਾ ਰਹੀ ਸਵਾਰੀ ਰੇਲ ਗੱਡੀ ਦੇ ਲੰਘਣ ਤੋਂ ਕੁਝ ਸਮੇਂ ਬਾਅਦ ਇਹ ਧਮਾਕਾ ਹੋਇਆ। ਸਮੇਂ ਸਿਰ ਘਟਨਾ ਦੀ ਸੂਚਨਾ ਮਿਲਣ ਕਾਰਨ ਸੰਭਾਵੀ ਵੱਡੇ ਰੇਲ ਹਾਦਸੇ ਨੂੰ ਟਾਲਿਆ ਜਾ ਸਕਿਆ।

ਕੌਮਾਂਤਰੀ ਸਰਹੱਦ ਦੇ ਨੇੜੇ ਵਾਪਰੀ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਜਾਣਕਾਰੀ ਹੈ। ਧਮਾਕੇ ਦੇ ਕਾਰਨਾਂ ਅਤੇ ਇਸ ਪਿੱਛੇ ਕਿਸੇ ਦੀ ਸ਼ਮੂਲੀਅਤ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ।