ਅੰਮ੍ਰਿਤਸਰ ’ਚ ਦਿਨ-ਦਿਹਾੜੇ ਵਾਰਦਾਤ: ਦੁਕਾਨਦਾਰ ਦਾ ਸਿਰ ’ਚ ਸੱਟ ਮਾਰ ਕੇ ਕਤਲ

Top Trending News ਪੰਜਾਬ

 

ਅੰਮ੍ਰਿਤਸਰ ’ਚ ਦਿਨ-ਦਿਹਾੜੇ ਵਾਰਦਾਤ: ਦੁਕਾਨਦਾਰ ਦਾ ਸਿਰ ’ਚ ਸੱਟ ਮਾਰ ਕੇ ਕਤਲ, ਨਹਿਰ ਦੇ ਪੁਲ ਨੇੜੇ ਮਿਲੀ ਲਾਸ਼

ਤਰਸਿੱਕਾ (ਅੰਮ੍ਰਿਤਸਰ), 5 ਨਵੰਬਰ 2026: ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਖਹਿਰਾ ਵਿਖੇ ਅੱਜ ਸਵੇਰੇ ਇੱਕ ਦੁਕਾਨਦਾਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ’ਤੇ ਸੱਟ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (62) ਪੁੱਤਰ ਸਾਧਾ ਸਿੰਘ ਨੰਬਰਦਾਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮਿਲੀ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਕਰੀਬ 6:30 ਵਜੇ ਆਪਣੀ ਦੁਕਾਨ ਲਈ ਸਾਮਾਨ ਖਰੀਦਣ ਵਾਸਤੇ ਮੋਟਰਸਾਈਕਲ ’ਤੇ ਜੰਡਿਆਲਾ ਗੁਰੂ ਜਾ ਰਹੇ ਸਨ। ਇਸ ਦੌਰਾਨ ਨਹਿਰ ਦੇ ਪੁਲ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਿਰ ’ਤੇ ਜ਼ੋਰਦਾਰ ਸੱਟ ਮਾਰੀ। ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਬੇਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਸਾਮਾਨ ਲੈਣ ਲਈ ਘਰੋਂ ਨਿਕਲੇ ਸਨ, ਪਰ ਵਾਪਸ ਨਹੀਂ ਪਰਤੇ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਰਸਿੱਕਾ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਛਾਣ ਅਤੇ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।