ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ

Top Trending News ਖੇਡਾਂ
  • ਅੰਡਰ-19 ਏਸ਼ੀਆ ਕੱਪ: ਪਾਕਿਸਤਾਨ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 8 ਨਵੰਬਰ (ਦੇਸ਼ ਕਲਿੱਕ ਬਿਊਰੋ): ਅੰਡਰ-19 ਏਸ਼ੀਆ ਕੱਪ ਦੇ ਮੁਕਾਬਲੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨੀ ਟੀਮ ਨੇ 209 ਦੌੜਾਂ ਦਾ ਟੀਚਾ 48.1 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਓਮਾਨ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਹਮਜ਼ਾ ਜ਼ਹੂਰ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਹਮਜ਼ਾ ਨੇ 108 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾਈਆਂ। ਉਸ ਨੇ ਹਸਨੈਨ ਅੱਬਾਸ ਡਾਰ (38 ਦੌੜਾਂ) ਨਾਲ ਛੇਵੀਂ ਵਿਕਟ ਲਈ 107 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਭਾਰਤ ਵੱਲੋਂ ਮਨਲ ਚੌਹਾਨ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ।

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ 46.3 ਓਵਰਾਂ ਵਿੱਚ 208 ਦੌੜਾਂ ਬਣਾ ਕੇ ਆਲਆਊਟ ਹੋ ਗਈ। ਭਾਰਤ ਵੱਲੋਂ ਅਰਜੁਨ ਰਾਜਪੂਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 85 ਗੇਂਦਾਂ ਵਿੱਚ 107 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 11 ਚੌਕੇ ਅਤੇ 5 ਛੱਕੇ ਲਗਾਏ। ਪਾਕਿਸਤਾਨ ਵੱਲੋਂ ਅਲੀ ਰਜ਼ਾ, ਨਿਕਾਬ ਸ਼ਫੀਕ ਅਤੇ ਰਿਜ਼ਵਾਨੁੱਲਾ ਨੇ 3-3 ਵਿਕਟਾਂ ਹਾਸਲ ਕੀਤੀਆਂ।

ਪਾਕਿਸਤਾਨ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ
ਇਸ ਜਿੱਤ ਨਾਲ ਪਾਕਿਸਤਾਨ ਗਰੁੱਪ-ਏ ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਟੀਮ ਨੇ ਹੁਣ ਤੱਕ ਖੇਡੇ ਆਪਣੇ ਦੋਵੇਂ ਮੈਚ ਜਿੱਤੇ ਹਨ ਅਤੇ ਉਸ ਦੇ 4 ਅੰਕ ਹਨ। ਭਾਰਤੀ ਟੀਮ ਇੱਕ ਜਿੱਤ ਨਾਲ ਦੂਜੇ ਸਥਾਨ ‘ਤੇ ਹੈ। ਭਾਰਤ ਆਪਣਾ ਅਗਲਾ ਮੁਕਾਬਲਾ 10 ਨਵੰਬਰ ਨੂੰ ਯੂਏਈ ਵਿਰੁੱਧ ਖੇਡੇਗਾ, ਜਦਕਿ ਇਸੇ ਦਿਨ ਪਾਕਿਸਤਾਨ ਦੀ ਟੱਕਰ ਨੇਪਾਲ ਨਾਲ ਹੋਵੇਗੀ। ਦੋਵੇਂ ਮੁਕਾਬਲੇ ਸਵੇਰੇ 10:30 ਵਜੇ ਸ਼ੁਰੂ ਹੋਣਗੇ।