Breaking: ਦਿਲਜੀਤ ਦੋਸਾਂਝ ਦੇ ਇੰਦੌਰ ’ਚ ਕੰਸਰਟ ਤੋਂ ਪਹਿਲਾਂ ਪ੍ਰਸ਼ਾਸਨ ਨੇ ਲਗਾਈਆਂ ਪਾਬੰਦੀਆਂ! ਚਾਰ ਗੀਤ ਗਾਉਣ ’ਤੇ ਲਾਈ ਰੋਕ
ਇੰਦੌਰ 9 ਨਵੰਬਰ 2026
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 15 ਨਵੰਬਰ 2026 ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਪ੍ਰਸ਼ਾਸਨ ਨੇ ਕੁਝ ਸ਼ਰਤਾਂ ਲਾਗੂ ਕੀਤੀਆਂ ਹਨ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਸੀ-21 ਮਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਕੰਸਰਟ ਦੌਰਾਨ ਦਿਲਜੀਤ ਚਾਰ ਖ਼ਾਸ ਗੀਤ ਨਾ ਗਾਉਣ।
6 ਨਵੰਬਰ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ‘ਪਟਿਆਲਾ ਪੈੱਗ’, ‘5 ਤਾਰਾ’, ‘ਜੀਭ ਵਿਚੋਂ ਅਫ਼ੀਮ (ਕੇਸ)’ ਅਤੇ ‘ਜੱਟ ਉੱਠੇ ਫਾਇਰ ਕਰਦਾ’ ਗੀਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਸ਼ਾਸਨ ਮੁਤਾਬਕ ਇਨ੍ਹਾਂ ਗੀਤਾਂ ਵਿੱਚ ਸ਼ਰਾਬ, ਨਸ਼ੇ ਅਤੇ ਹਿੰਸਾ ਨਾਲ ਸਬੰਧਤ ਸਮੱਗਰੀ ਹੋਣ ਕਾਰਨ ਬੱਚਿਆਂ ਦੇ ਮਨਾਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਕੰਸਰਟ ਵਿੱਚ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਦਾਖ਼ਲਾ ਦਿੱਤਾ ਜਾਵੇਗਾ। ਇਸ ਲਈ ਮਾਲ ਪ੍ਰਬੰਧਕਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਕਤ ਗੀਤਾਂ ਦੀ ਪੇਸ਼ਕਾਰੀ ਨਾ ਹੋਵੇ।
ਹਾਲਾਂਕਿ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਦਿਲਜੀਤ ਦੋਸਾਂਝ ਦੇ ਕੰਸਰਟ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਪ੍ਰਸ਼ਾਸਨ ਦੀਆਂ ਹਦਾਇਤਾਂ ਸਿਰਫ਼ ਚਾਰ ਗੀਤਾਂ ਅਤੇ ਕੁਝ ਮੰਚੀ ਗਤੀਵਿਧੀਆਂ ਤੱਕ ਹੀ ਸੀਮਤ ਹਨ।





