ਬਠਿੰਡਾ ਨੂੰ ਮਿਲੇਗੀ ਨਵੀਂ ਪਛਾਣ, ਸ਼ਹਿਰ ਵਿੱਚ ਬਣ ਰਿਹਾ ਆਧੁਨਿਕ ਕਲਾਕ ਟਾਵਰ

Top Trending News ਪੰਜਾਬ
  • ਬਠਿੰਡਾ ਨੂੰ ਮਿਲੇਗੀ ਨਵੀਂ ਪਛਾਣ, ਸ਼ਹਿਰ ਵਿੱਚ ਬਣ ਰਿਹਾ ਆਧੁਨਿਕ ਕਲਾਕ ਟਾਵਰ
  • ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਰੀਬ 31 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਲਾਕ ਟਾਵਰ ਦੇ ਨਿਰਮਾਣ ਕਾਰਜ ਦਾ ਕੀਤਾ ਸ਼ੁਭ ਆਰੰਭ

ਬਠਿੰਡਾ, 10 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼ਹਿਰ ਦੇ ਸੁੰਦਰੀਕਰਨ ਅਤੇ ਆਧੁਨਿਕ ਪਛਾਣ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੀ ਦਿਸ਼ਾ ਵਿੱਚ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਬਠਿੰਡਾ ਨੇ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸੇ ਤਹਿਤ ਅੱਜ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਫਾਇਰ ਬ੍ਰਿਗੇਡ ਦੇ ਨਜ਼ਦੀਕ ਕਰੀਬ 31 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਕਲਾਕ ਟਾਵਰ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ।

ਇਸ ਮੌਕੇ ਐਕਸੀਅਨ ਸ੍ਰੀ ਰਾਜਿੰਦਰ ਕੁਮਾਰ, ਐੱਸਡੀਓ ਮੈਡਮ ਸੋਫੀਆ ਉੱਪਲ, ਜੇਈ ਸਚਿਨ ਕੁਮਾਰ ਸਮੇਤ ਨਗਰ ਨਿਗਮ ਦੇ ਕੌਂਸਲਰ ਅਤੇ ਵੱਖ-ਵੱਖ ਅਹੁਦੇਦਾਰ ਹਾਜ਼ਰ ਸਨ।

ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਨੂੰ ਆਧੁਨਿਕ, ਸੁੰਦਰ ਅਤੇ ਸੁਵਿਧਾਜਨਕ ਸ਼ਹਿਰ ਵਜੋਂ ਵਿਕਸਤ ਕਰਨ ਲਈ ਨਗਰ ਨਿਗਮ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸ਼ਹਿਰ ਦੇ ਪ੍ਰਮੁੱਖ ਖੇਤਰ ਵਿੱਚ ਆਧੁਨਿਕ ਡਿਜ਼ਾਈਨ ਨਾਲ ਕਲਾਕ ਟਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਭਵਿੱਖ ਵਿੱਚ ਬਠਿੰਡਾ ਦੀ ਇੱਕ ਨਵੀਂ ਅਤੇ ਆਕਰਸ਼ਕ ਪਛਾਣ ਬਣੇਗਾ।

ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਪ੍ਰਸਤਾਵਿਤ ਕਲਾਕ ਟਾਵਰ ਦੀ ਉਚਾਈ ਕਰੀਬ 40 ਫੁੱਟ ਹੋਵੇਗੀ, ਜਦਕਿ ਇਸ ਦੀ ਚੌੜਾਈ 7.25 ਗੁਣਾ 7.25 ਫੁੱਟ ਰੱਖੀ ਗਈ ਹੈ। ਟਾਵਰ ਦੀਆਂ ਚਾਰੋਂ ਦਿਸ਼ਾਵਾਂ ਵਿੱਚ ਚਾਰ ਆਧੁਨਿਕ ਘੜੀਆਂ ਲਗਾਈਆਂ ਜਾਣਗੀਆਂ, ਜਿਸ ਨਾਲ ਆਸ-ਪਾਸ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਸਮੇਂ ਦੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਪੂਰਾ ਕਰਦੇ ਹੋਏ ਇਸ ਆਧੁਨਿਕ ਕਲਾਕ ਟਾਵਰ ਨੂੰ ਕਰੀਬ 45 ਤੋਂ 50 ਦਿਨਾਂ ਦੇ ਅੰਦਰ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰੇਕ ਸ਼ਹਿਰ ਨੂੰ ਆਧੁਨਿਕ ਅਤੇ ਬਿਹਤਰ ਸਹੂਲਤਾਂ ਨਾਲ ਲੈਸ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਨਗਰ ਨਿਗਮ ਬਠਿੰਡਾ ਵੀ ਇਸੇ ਸੋਚ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ।

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਕਲਾਕ ਟਾਵਰ ਸਿਰਫ਼ ਸਮਾਂ ਦੱਸਣ ਦਾ ਮਾਧਿਅਮ ਹੀ ਨਹੀਂ ਹੋਵੇਗਾ, ਸਗੋਂ ਸ਼ਹਿਰ ਦੀ ਆਧੁਨਿਕ ਸੋਚ ਅਤੇ ਵਿਕਾਸ ਦੀ ਨਵੀਂ ਪਛਾਣ ਵਜੋਂ ਵੀ ਉੱਭਰੇਗਾ। ਇਸ ਦੇ ਨਿਰਮਾਣ ਨਾਲ ਖੇਤਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਆਕਰਸ਼ਕ ਸਥਾਨ ਮਿਲੇਗਾ।