ਚੰਡੀਗੜ੍ਹ ਸਮਾਰਟ ਸਿਟੀ ਦੇ 116.84 ਕਰੋੜ ਦੇ ਘਪਲੇ ’ਚ ਨਲਿਨੀ ਮਲਿਕ ਨੇ ਫੇਰ ਮੰਗੀ ਜ਼ਮਾਨਤ

Top Trending News ਚੰਡੀਗੜ੍ਹ ਪੰਜਾਬ
  • ਚੰਡੀਗੜ੍ਹ ਸਮਾਰਟ ਸਿਟੀ ਦੇ 116.84 ਕਰੋੜ ਦੇ ਘਪਲੇ ’ਚ ਨਲਿਨੀ ਮਲਿਕ ਨੇ ਫੇਰ ਮੰਗੀ ਜ਼ਮਾਨਤ

ਚੰਡੀਗੜ੍ਹ, 10 ਨਵੰਬਰ (ਦੇਸ਼ ਕਲਿੱਕ ਬਿਊਰੋ): ਸਮਾਰਟ ਸਿਟੀ ਚੰਡੀਗੜ੍ਹ ਨਾਲ ਜੁੜੇ 116.84 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਮਾਮਲੇ ਵਿੱਚ ਕਰੀਬ 8 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸਾਬਕਾ ਚੀਫ਼ ਫਾਈਨੈਂਸ਼ੀਅਲ ਅਫ਼ਸਰ (CFO) ਨਲਿਨੀ ਮਲਿਕ ਦੀ ਜ਼ਮਾਨਤ ਅਰਜ਼ੀ ’ਤੇ ਬੁੱਧਵਾਰ, 11 ਨਵੰਬਰ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਨੇ CBI ਅਦਾਲਤ ਵਿੱਚ ਮੁੜ ਨਿਯਮਤ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਨੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਨਲਿਨੀ ਮਲਿਕ ਇਸ ਮਾਮਲੇ ਦੀ ਮੁੱਖ ਮੁਲਜ਼ਮ ਹਨ। ਉਨ੍ਹਾਂ ’ਤੇ IDFC ਫਸਟ ਬੈਂਕ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਮਾਰਟ ਸਿਟੀ ਲਿਮਟਿਡ ਦੇ ਫੰਡਾਂ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਹਨ। 11 ਨਵੰਬਰ ਨੂੰ CBI ਆਪਣਾ ਪੱਖ ਅਦਾਲਤ ਵਿੱਚ ਰੱਖੇਗੀ, ਜਿਸ ਤੋਂ ਬਾਅਦ ਜ਼ਮਾਨਤ ਬਾਰੇ ਫ਼ੈਸਲਾ ਹੋ ਸਕਦਾ ਹੈ।

ਨਗਰ ਨਿਗਮ ਨੂੰ ਸਿਰਫ਼ 81.20 ਰੁਪਏ ਮਿਲਣ ਦਾ ਦਾਅਵਾ
CBI ਦੀ ਜਾਂਚ ਮੁਤਾਬਕ, ਸਮਾਰਟ ਸਿਟੀ ਪ੍ਰਾਜੈਕਟ ਖ਼ਤਮ ਹੋਣ ਤੋਂ ਬਾਅਦ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਰਕਮ ਚੰਡੀਗੜ੍ਹ ਨਗਰ ਨਿਗਮ ਨੂੰ ਤਬਦੀਲ ਕੀਤੀ ਜਾਣੀ ਸੀ। ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਨਗਰ ਨਿਗਮ ਦੇ ਖਾਤੇ ਵਿੱਚ ਸਿਰਫ਼ 81.20 ਰੁਪਏ ਹੀ ਪਹੁੰਚੇ। ਜਾਂਚ ਏਜੰਸੀ ਨੂੰ ਰਕਮ ਦੇ ਲੈਣ-ਦੇਣ ਵਿੱਚ ਗੜਬੜੀਆਂ ਦੀ ਜਾਂਚ ਦੌਰਾਨ 11 ਕਥਿਤ ਜਾਅਲੀ ਫਿਕਸਡ ਡਿਪਾਜ਼ਿਟ (FD) ਤਿਆਰ ਕੀਤੇ ਜਾਣ ਦਾ ਵੀ ਪਤਾ ਲੱਗਾ। ਦੋਸ਼ ਹੈ ਕਿ ਬੈਂਕ ਵਿੱਚ ਜਮ੍ਹਾਂ ਰਕਮ ਬਾਰੇ ਸ਼ੱਕ ਤੋਂ ਬਚਣ ਲਈ ਨਲਿਨੀ ਮਲਿਕ, ਬੈਂਕ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੇ ਮਿਲ ਕੇ ਇਹ ਐੱਫਡੀ ਬਣਾਈਆਂ। ਇਸ ਤੋਂ ਬਾਅਦ ਕਥਿਤ ਜਾਅਲੀ ਕੰਪਨੀਆਂ ਰਾਹੀਂ ਪੈਸਾ ਹੋਰ ਖਾਤਿਆਂ ਵਿੱਚ ਭੇਜ ਕੇ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਗਿਆ।

8 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਨਲਿਨੀ ਮਲਿਕ
CBI ਵੱਲੋਂ ਇਸ ਮਾਮਲੇ ਵਿੱਚ ਨਲਿਨੀ ਮਲਿਕ ਤੋਂ ਇਲਾਵਾ ਬੈਂਕ ਅਧਿਕਾਰੀਆਂ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਗਈ ਹੈ। ਹੁਣ ਨਲਿਨੀ ਮਲਿਕ ਦੀ ਮੁੜ ਦਾਇਰ ਕੀਤੀ ਜ਼ਮਾਨਤ ਅਰਜ਼ੀ ’ਤੇ ਜਾਂਚ ਏਜੰਸੀ ਦੇ ਜਵਾਬ ਅਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਆਪਣਾ ਫ਼ੈਸਲਾ ਸੁਣਾਏਗੀ।