ਅੰਮ੍ਰਿਤਸਰ ਦੀ ਜਹਾਜ਼ਗੜ੍ਹ ਮਾਰਕੀਟ ’ਚ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ; ਕਰੋੜਾਂ ਦੇ ਨੁਕਸਾਨ ਦਾ ਖਦਸ਼ਾ

Top Trending News ਪੰਜਾਬ

 

ਅੰਮ੍ਰਿਤਸਰ ਦੀ ਜਹਾਜ਼ਗੜ੍ਹ ਮਾਰਕੀਟ ’ਚ ਭਿਆਨਕ ਅੱਗ, ਕਈ ਦੁਕਾਨਾਂ ਸੜ ਕੇ ਸੁਆਹ; ਕਰੋੜਾਂ ਦੇ ਨੁਕਸਾਨ ਦਾ ਖਦਸ਼ਾ

ਅੰਮ੍ਰਿਤਸਰ, 10 ਨਵੰਬਰ 2026: ਅੰਮ੍ਰਿਤਸਰ ਦੀ ਮਸ਼ਹੂਰ ਜਹਾਜ਼ਗੜ੍ਹ ਮਾਰਕੀਟ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਵਾਹਨਾਂ ਦੇ ਸਪੇਅਰ ਪਾਰਟਸ ਅਤੇ ਕਬਾੜ ਲਈ ਜਾਣੇ ਜਾਂਦੇ ਇਸ ਬਾਜ਼ਾਰ ਵਿੱਚ ਅੱਗ ਨੇ ਦੇਖਦੇ ਹੀ ਦੇਖਦੇ ਕਈ ਦੁਕਾਨਾਂ ਅਤੇ ਬਾਹਰ ਪਏ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਲੱਖਾਂ-ਕਰੋੜਾਂ ਰੁਪਏ ਦਾ ਸਾਮਾਨ ਸੜਨ ਦਾ ਖਦਸ਼ਾ ਹੈ।

ਅੱਗ ਦੀ ਸੂਚਨਾ ਮਿਲਦਿਆਂ ਹੀ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਬਾਜ਼ਾਰ ਦੀਆਂ ਤੰਗ ਗਲੀਆਂ, ਵੱਡੇ ਜਨਰੇਟਰਾਂ ਅਤੇ ਸੜਕਾਂ ’ਤੇ ਪਏ ਕਬਾੜ ਕਾਰਨ ਫਾਇਰ ਬ੍ਰਿਗੇਡ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟਾਇਰਾਂ, ਫੋਮ ਅਤੇ ਲੱਕੜ ਦੇ ਸਾਮਾਨ ਕਾਰਨ ਅੱਗ ਹੋਰ ਭੜਕਦੀ ਰਹੀ।

ਘਟਨਾ ਤੋਂ ਬਾਅਦ ਦੁਕਾਨਦਾਰਾਂ ਨੇ ਪ੍ਰਸ਼ਾਸਨ ਵਿਰੁੱਧ ਨਾਰਾਜ਼ਗੀ ਜ਼ਾਹਰ ਕਰਦਿਆਂ ਬਾਜ਼ਾਰ ਵਿੱਚ ਪੱਕੇ ਅੱਗ ਬੁਝਾਊ ਪ੍ਰਬੰਧ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ।

‘ਆਪ’ ਵਿਧਾਇਕ ਡਾ. ਜੀਵਨਜੋਤ ਕੌਰ ਵੀ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਵਿਸ਼ਵਕਰਮਾ ਦਿਵਸ ਹੋਣ ਕਾਰਨ ਜ਼ਿਆਦਾਤਰ ਦੁਕਾਨਾਂ ਬੰਦ ਸਨ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇਗਾ।