ਚੰਡੀਗੜ੍ਹ: MC ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮਿਲਿਆ ਹੁਲਾਰਾ, ਐਡਵੋਕੇਟ ਅਮਰਜੀਤ ਸਿੰਘ ਗੁਜਰਾਲ ਪਾਰਟੀ ’ਚ ਸ਼ਾਮਲ
ਚੰਡੀਗੜ੍ਹ 10 ਨਵੰਬਰ 2026
ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰ ਦੀ ਸਿਆਸਤ ਵਿੱਚ ਦਲ-ਬਦਲੀ ਦਾ ਦੌਰ ਤੇਜ਼ ਹੋ ਗਿਆ ਹੈ। ਇਸੇ ਤਹਿਤ ਜ਼ਿਲ੍ਹਾ ਅਦਾਲਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਗੁਜਰਾਲ ਆਪਣੀ ਪਤਨੀ ਅਤੇ ਸਾਬਕਾ ਕੌਂਸਲਰ ਰਵਿੰਦਰ ਕੌਰ ਗੁਜਰਾਲ ਸਮੇਤ ਕਈ ਸਮਰਥਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਨੇ ਕਿਹਾ ਕਿ ਗੁਜਰਾਲ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸੰਗਠਨ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਵੀ ਪਾਰਟੀ ਨਾਲ ਜੁੜਨਗੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤਣਾ ਪਾਰਟੀ ਦਾ ਟੀਚਾ ਹੈ।
ਇਸ ਮੌਕੇ ਐੱਸਜੀਪੀਸੀ ਦੀ ਕਾਰਜਕਾਰੀ ਮੈਂਬਰ ਹਰਜਿੰਦਰ ਕੌਰ ਨੇ ਗੁਜਰਾਲ ਜੋੜੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਰਵਿੰਦਰ ਕੌਰ ਦਾ ਵਾਰਡ ਨੰਬਰ 23 ਨਾਲ ਵਿਸ਼ੇਸ਼ ਸਬੰਧ ਰਿਹਾ ਹੈ ਅਤੇ ਉਹ ਕਈ ਵਾਰ ਇਸ ਵਾਰਡ ਤੋਂ ਕੌਂਸਲਰ ਚੁਣੇ ਜਾ ਚੁੱਕੇ ਹਨ।
ਇਸ ਮੌਕੇ ਮਨਮੋਹਨ ਕੌਰ, ਜਰਨੈਲ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਪਵਨ ਗੋਇਲ, ਪਰਵਿੰਦਰ ਸਿੰਘ ਅਤੇ ਇਸ਼ਤਿੰਦਰ ਸਿੰਘ ਹੈਪੀ ਸਮੇਤ ਕਈ ਸਮਰਥਕ ਮੌਜੂਦ ਸਨ।





