ਭਵਾਨੀਗੜ੍ਹ ’ਚ SBI ਦੇ ATM ’ਤੇ ਲੁੱਟ, ਚਾਰ ਨਕਾਬਪੋਸ਼ 5.54 ਲੱਖ ਰੁਪਏ ਲੈ ਕੇ ਫ਼ਰਾਰ
ਭਵਾਨੀਗੜ੍ਹ (ਸੰਗਰੂਰ), 9 ਨਵੰਬਰ 2026: ਭਵਾਨੀਗੜ੍ਹ ਵਿਖੇ ਨੈਸ਼ਨਲ ਹਾਈਵੇ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ. ਨੂੰ ਨਿਸ਼ਾਨਾ ਬਣਾਉਂਦਿਆਂ ਚਾਰ ਨਕਾਬਪੋਸ਼ ਵਿਅਕਤੀ 5 ਲੱਖ 54 ਹਜ਼ਾਰ 400 ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਐਤਵਾਰ ਤੜਕਸਾਰ ਕਰੀਬ 3:30 ਤੋਂ 4 ਵਜੇ ਦਰਮਿਆਨ ਵਾਪਰੀ।
ਬੈਂਕ ਮੈਨੇਜਰ ਅੰਮ੍ਰਿਤ ਪਾਲ ਗੋਇਲ ਅਨੁਸਾਰ, ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਚਾਰ ਨਕਾਬਪੋਸ਼ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਏ.ਟੀ.ਐੱਮ. ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਸਪਰੇਅ ਕਰ ਦਿੱਤਾ, ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ਰਿਕਾਰਡ ਨਾ ਹੋ ਸਕਣ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਦੋਵੇਂ ਏ.ਟੀ.ਐੱਮ. ਮਸ਼ੀਨਾਂ ਦੀ ਭੰਨਤੋੜ ਕੀਤੀ ਅਤੇ ਨਕਦੀ ਕੱਢ ਲਈ।
ਮੈਨੇਜਰ ਮੁਤਾਬਕ, ਮੁਲਜ਼ਮ ਪਹਿਲੀ ਮਸ਼ੀਨ ਵਿੱਚੋਂ 5,12,500 ਰੁਪਏ ਅਤੇ ਦੂਜੀ ਮਸ਼ੀਨ ਵਿੱਚੋਂ 41,900 ਰੁਪਏ ਲੈ ਗਏ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸਹਾਇਕ ਸਬ-ਇੰਸਪੈਕਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।





