- ਅਗਲੀ ਅਕਾਲੀ ਦਲ ਦੀ ਸਰਕਾਰ ਉਦਯੋਗ ਨੂੰ ਸੂਬਾਈ GST ਰਿਟੇਨ ਕਰਨ ਦੀ ਆਗਿਆ ਦੇ ਕੇ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ: ਸੁਖਬੀਰ ਬਾਦਲ
- ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀਆਂ ਤੇ ਉਦਯੋਗੀਆਂ ਨਾਲ ਕੀਤੀ ਚਰਚਾ, ਭਰੋਸਾ ਦੁਆਇਆ ਕਿ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਦਿੱਤੀ ਜਾਵੇਗੀ ਅਤੇ ਇੰਸਪੈਕਟਰੀ ਰਾਜ ਖ਼ਤਮ ਕੀਤਾ ਜਾਵੇਗਾ
ਸ੍ਰੀ ਮੁਕਤਸਰ ਸਾਹਿਬ, 10 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਵੇਂ ਉਦਯੋਗਾਂ ਨੂੰ ਜੀ ਐਸ ਟੀ ਰਿਟੇਨ ਕਰਨ ਦੀ ਆਗਿਆ ਦੇਵੇਗੀ ਅਤੇ ਇੰਸਪੈਕਟਰੀ ਰਾਜ ਖ਼ਤਮ ਕਰੇਗੀ ਤੇ ਉਦਯੋਗਾਂ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਦੇਵੇਗੀ।
ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਨਾ ਸਿਰਫ ਵਪਾਰ ਤੇ ਉਦਯੋਗ ਨੂੰ ਫੇਲ੍ਹ ਕੀਤਾ ਹੈ ਬਲਕਿ ਇਸਦੇ ਰਾਜ ਵਿਚ ਪੰਜਾਬ ਵਿਚੋਂ ਉਦਯੋਗਾਂ ਦਾ ਪਲਾਇਨ ਹੋਇਆ ਹੈ ਤੇ ਸੂਬੇ ਵਿਚ ਕੋਈ ਨਵਾਂ ਨਿਵੇਸ਼ ਨਹੀਂ ਹੋਇਆ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਵਪਾਰ ਤੇ ਉਦਯੋਗ ਵਾਸਤੇ ਢੁਕਵਾਂ ਮਾਹੌਲ ਸਿਰਜਣ ਵਾਸਤੇ ਵਚਨਬੱਧ ਹਾਂ।
ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਾ ਸਿਰਫ ਮੱਧਮ ਤੇ ਲਘੂ ਉਦਯੋਗ ਨੂੰ ਉਤਸ਼ਾਹਿਤ ਕਰੇਗੀ ਬਲਕਿ ਅਸੀਂ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਉਦਯੋਗਿਕ ਖੇਤਰ ਖਾਸ ਤੌਰ ’ਤੇ ਸੀਜ਼ਨਲ ਇੰਡਸਟਰੀ ਵਾਸਤੇ ਫਿਕਸ ਚਾਰਜਿਜ਼ ਦਾ ਖ਼ਾਤਮਾ ਕਰਾਂਗੇ ਅਤੇ ਉਦਯੋਗਾਂ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਸਪਲਾਈ ਕੀਤੀ ਜਾਵੇਗੀ।
ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਉਦਯੋਗਿਕ ਇਕਾਈ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇੰਸਪੈਕਟਰਾਂ ਤੇ ਜੀ ਐਸ ਟੀ ਅਧਿਕਾਰੀਆਂ ਦੇ ਹੱਥੋਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਵਾਸਤੇ ਰਾਹਤ ਸਕੀਮ ਤਹਿਤ ਯਕਮੁਸ਼ਤ ਟੈਕਸ ਸਕੀਮ ਸ਼ੁਰੂ ਕਰਾਂਗੇ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇਕਰ ਲੋਕ ਆਪਣੀ ਸਹੀ ਚੋਣ ਕਰਨਗੇ। ਉਹਨਾਂ ਕਿਹਾ ਕਿ ਤੁਹਾਨੂੰ ਇਹ ਸਹੀ ਚੋਣ ਕਰਨੀ ਪਵੇਗੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇ ? ਉਹਨਾਂ ਕਿਹਾ ਕਿ ਤੁਹਾਨੂੰ ਅਜਿਹੇ ਵਿਅਕਤੀ ਦੀ ਚੋਣ ਕਰਨੀ ਪਵੇਗੀ ਜੋ ਤੁਹਾਡੀਆਂ ਮੁਸ਼ਕਿਲਾਂ ਤੋਂ ਜਾਣੂ ਹੋਵੇ ਅਤੇ ਜਿਸਦਾ ਸਹੀ ਟਰੈਕ ਰਿਕਾਰਡ ਹੋਵੇ। ਉਹਨਾਂ ਕਿਹਾ ਕਿ ਇਕ ਗਲਤ ਫੈਸਲਾ ਪੰਜ ਸਾਲ ਹੋਰ ਬਰਬਾਦ ਕਰ ਦੇਵੇਗਾ।
ਉਹਨਾਂ ਨੇ ਵਪਾਰ ਤੇ ਉਦਯੋਗ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵਿਸ਼ਲੇਸ਼ਣ ਕਰਨ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ, ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਨੇ ਉਹਨਾਂ ਵਾਸਤੇ ਕੀ ਕੰਮ ਕੀਤਾ ਹੈ ? ਉਹਨਾਂ ਕਿਹਾ ਕਿ ਇਹ ਸਿਰਫ ਅਕਾਲੀ ਦਲ ਦੀ ਸਰਕਾਰ ਸੀ ਜਿਸਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਵਿਸ਼ਵ ਪੱਧਰੀ ਸੜਕ ਨੈਟਵਰਕ ਬਣਾਇਆ, ਹਵਾਈ ਅੱਡੇ ਬਣਾਏ ਤੇ ਸੂਬੇ ਵਿਚ ਨਿਵੇਸ਼ ਲਿਆਂਦਾ ਤੇ ਇਸ ਵਾਸਤੇ ਅਗਲੀਆਂ ਚੋਣਾਂ ਵਿਚ ਤੁਹਾਨੂੰ ਅਕਾਲੀ ਦਲ ਦੀ ਸਰਕਾਰ ਲਿਆਉਣੀ ਚਾਹੀਦੀ ਹੈ।
ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਦੇ ਪਰਮਿੰਦਰ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੀ ਕਮਿਸ਼ਨ ਵਿਚ ਕਟੌਤੀ ਕੀਤੀ ਗਈ ਤੇ ਕਿਵੇਂ ਆੜ੍ਹਤੀ ਟਰਾਂਸਪੋਰਟ ਠੇਕੇਦਾਰਾਂ ਦੇ ਹੱਥੋਂ ਪ੍ਰੇਸ਼ਾਨੀਆਂ ਝੱਲ ਰਹੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੂੰ ਮਜ਼ਦੂਰਾਂ ਦੇ ਦਿੱਤੇ ਪੈਸੇ ਵਾਪਸ ਨਹੀਂ ਮਿਲ ਰਹੇ। ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਰਕਾਰ ਉਹਨਾਂ ਦੀ 2.5 ਫੀਸਦੀ ਕਮਿਸ਼ਨ ਦੀ ਮੰਗ ਲਾਗੂ ਕਰੇਗੀ। ਉਹਨਾਂ ਇਹ ਵੀ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਮੇਂ ਅਨਾਜ ਦੀ ਸਿਰਫ ਲਿਫਟਿੰਗ ਤੇ ਸਟੋਰੇਜ ਵਾਸਤੇ ਕੰਮ ਕਰੇਗੀ।
ਅਗਰੀਕਲਚਰਲ ਇੰਪਲੀਮੈਂਟਸ ਐਸੋਸੀਏਸ਼ਨ ਦੇ ਲਖਬੀਰ ਸਿੰਘ, ਬਿਲਡਰਜ਼ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਰੋਬਿਨਪ੍ਰੀਤ ਸਿੰਘ ਬਰਾੜ ਗੋਲਡਸਮਿਥ ਐਸੋਸੀਏਸ਼ਨ ਦੇ ਜਸਪਾਲ ਸਿੰਘ ਜੱਸਾ ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਸਤਨਾਮ ਸਿੰਘ ਨੇ ਵੀ ਸਰਦਾਰ ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।
ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਨੂੰ ਭਰੋਸਾ ਦੁਆਇਆ ਕਿ ਇਹਨਾਂ ਦੀਆਂ ਜੀ ਐਸ ਟੀ, ਸੀ ਐਲ ਯੂ ਚਾਰਜਿਜ਼ ਤੇ ਐਨ ਓ ਸੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਬਿਲਡ ਪੰਜਾਬ ਵਿਭਾਗ ਦੀ ਸਿਰਜਣਾ ਕੀਤੀ ਜਾਵੇਗੀ ਜੋ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੱਲੋਂ ਬਣਾਏ ਇਨਵੈਸਟ ਪੰਜਾਬ ਵਿਭਾਗ ਦੀ ਤਰਜ਼ ’ਤੇ ਬਣਾਇਆ ਜਾਵੇਗਾ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਗੈਰ ਕਾਨੂੰਨੀ ਕਲੌਨੀਆਂ ਨੂੰ ਇਕ ਵਾਰ ਵਿਚ ਰੈਗੂਲਰ ਕੀਤਾ ਜਾਵੇਗਾ ਤੇ ਇਹਨਾਂ ਵਾਸਤੇ ਡਵੈਲਪਮੈਂਟ ਚਾਰਜਿਜ਼ ਤੇ ਬੈਂਕ ਗਰੰਟੀਆਂ ਨੂੰ ਤਰਕਸੰਗਤ ਬਣਾਇਆ ਜਾਵੇਗਾ।
ਉਹਨਾਂ ਨੇ ਪੈਸਟੀਸਾਈਡ ਐਸੋਸੀਏਸ਼ਨ ਨੂੰ ਇਹ ਵੀ ਭਰੋਸਾ ਦੁਆਇਆ ਕਿ ਜੇਕਰ ਉਹਨਾਂ ਕੋਲੋਂ ਘਟੀਆ ਮਿਆਰ ਦੀਆਂ ਦਵਾਈਆਂ ਜਾਂ ਬੀਜ ਮਿਲਦੇ ਹਨ ਤਾਂ ਉਹਨਾਂ ਨੂੰ ਜਵਾਬਦੇਹ ਨਹੀਂ ਠਹਿਰਾਇਆ ਜਾਵੇਗਾ ਤੇ ਕਾਰਵਾਈ ਸਿਰਫ ਉਤਪਾਦਕ ਦੇ ਖਿਲਾਫ ਕੀਤੀ ਜਾਵੇਗੀ। ਉਹਨਾਂ ਸੁਨਿਆਰਿਆਂ ਨੂੰ ਇਹ ਭਰੋਸਾ ਦੁਆਇਆ ਕਿ ਪੁਲਿਸ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗੀ। ਉਹਨਾਂ ਭਰੋਸਾ ਦੁਆਇਆ ਕਿ ਜੀ ਐਸ ਟੀ ਰੀਟਰਨ ਮਾਮਲਿਆਂ ਨੂੰ ਵੀ ਤਰਕਸੰਗਤ ਕੀਤਾ ਜਾਵੇਗਾ।
ਇਸ ਮੌਕੇ ਹਰਪ੍ਰੀਤ ਸਿੰਘ ਕੋਟਭਾਈ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਪੰਜਾਬ ਵਪਾਰ ਮੰਡਲ ਪ੍ਰਧਾਨ ਅਮਿਤ ਕਪੂਰ ਤੇ ਮੋਹਿਤ ਗੁਪਤਾ ਵੀ ਹਾਜ਼ਰ ਸਨ।





