ਦਿੜਬਾ ’ਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਵੱਡੇ ਕਾਰੋਬਾਰੀ ਦੇ ਕਈ ਟਿਕਾਣਿਆਂ ’ਤੇ ਕੀਤੀ ਰੇਡ

Top Trending News ਪੰਜਾਬ
  • ਦਿੜਬਾ ’ਚ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਵੱਡੇ ਕਾਰੋਬਾਰੀ ਦੇ ਕਈ ਟਿਕਾਣਿਆਂ ’ਤੇ ਕੀਤੀ ਰੇਡ

ਸੰਗਰੂਰ, 12 ਨਵੰਬਰ (ਦੇਸ਼ ਕਲਿੱਕ ਬਿਊਰੋ): ਸੰਗਰੂਰ ਜ਼ਿਲ੍ਹੇ ਦੇ ਦਿੜਬਾ ਵਿੱਚ ਵੀਰਵਾਰ ਸਵੇਰੇ ਇਨਕਮ ਟੈਕਸ ਵਿਭਾਗ ਨੇ ਕਾਰਵਾਈ ਕਰਦਿਆਂ ਇੱਕ ਵੱਡੇ ਕਾਰੋਬਾਰੀ ਨਾਲ ਜੁੜੇ ਕਈ ਟਿਕਾਣਿਆਂ ’ਤੇ ਇਕੱਠੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਸਵੇਰ ਤੋਂ ਹੀ ਕਈ ਥਾਵਾਂ ’ਤੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ, ਜਾਂਚ ਦਾ ਘੇਰਾ ਸਿਰਫ਼ ਕਾਰੋਬਾਰੀ ਦੇ ਟਿਕਾਣਿਆਂ ਤੱਕ ਹੀ ਸੀਮਤ ਨਹੀਂ ਹੈ। ਉਸ ਦੇ ਕਰੀਬੀਆਂ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਟਿਕਾਣਿਆਂ ’ਤੇ ਵੀ ਵਿਭਾਗੀ ਅਧਿਕਾਰੀਆਂ ਵੱਲੋਂ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ।

ਹੋਰ ਇਲਾਕਿਆਂ ਵਿੱਚ ਵੀ ਛਾਪਿਆਂ ਦੀ ਚਰਚਾ
ਸੂਤਰਾਂ ਮੁਤਾਬਕ, ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦਿੜਬਾ ਤੋਂ ਇਲਾਵਾ ਜ਼ਿਲ੍ਹੇ ਤੋਂ ਬਾਹਰ ਕਿਸੇ ਹੋਰ ਇਲਾਕੇ ਵਿੱਚ ਵੀ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਾਂਕਿ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਛਾਪੇਮਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ
ਫਿਲਹਾਲ ਵਿਭਾਗ ਵੱਲੋਂ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਛਾਪੇਮਾਰੀ ਕਿਸ ਮਾਮਲੇ ਜਾਂ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਨਾ ਹੀ ਸਬੰਧਤ ਕਾਰੋਬਾਰੀ ਜਾਂ ਹੋਰ ਵਿਅਕਤੀਆਂ ਦੇ ਨਾਵਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਕੀਤੀ ਗਈ ਹੈ। ਵਿਭਾਗ ਦੀ ਜਾਂਚ ਜਾਰੀ ਹੈ।