World Breaking: ਕਾਂਗੋ ’ਚ ਵੱਡਾ ਹਮਲਾ! 22 ਲੋਕਾਂ ਦੀ ਮੌਤ; 10 ਅਗਵਾ

Top Trending News ਕੌਮਾਂਤਰੀ

 

World Breaking: ਕਾਂਗੋ ’ਚ ਵੱਡਾ ਹਮਲਾ! 22 ਲੋਕਾਂ ਦੀ ਮੌਤ; 10 ਅਗਵਾ

ਕਾਂਗੋ 12 ਨਵੰਬਰ 2026

ਅਫਰੀਕੀ ਦੇਸ਼ ਕਾਂਗੋ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਵਿਦਰੋਹੀ ਸੰਗਠਨ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਕੀਤੇ ਗਏ ਕਈ ਹਮਲਿਆਂ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰਾਂ ਨੂੰ ਅਗਵਾ ਕਰ ਲਿਆ ਗਿਆ। ਇਨ੍ਹਾਂ ਹਮਲਿਆਂ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਗੈਰ-ਸਰਕਾਰੀ ਸੰਗਠਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਮਲੇ ਕਾਂਗੋ ਦੇ ਪੂਰਬੀ ਇਟੂਰੀ ਸੂਬੇ ਵਿੱਚ ਅੱਠ ਵੱਖ-ਵੱਖ ਥਾਵਾਂ ’ਤੇ ਕੀਤੇ ਗਏ। ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨਾਲ ਸਬੰਧਤ ਵਿਦਰੋਹੀ ਸੰਗਠਨ ‘ਅਲਾਇਡ ਡੈਮੋਕ੍ਰੈਟਿਕ ਫੋਰਸਿਜ਼’ (ਏ.ਡੀ.ਐੱਫ.) ਨਾਲ ਜੁੜੀ ਦੱਸੀ ਜਾ ਰਹੀ ਹੈ।

ਇੱਕ ਗੈਰ-ਸਰਕਾਰੀ ਸੰਗਠਨ ਦੀ ਕੋਆਰਡੀਨੇਟਰ ਮੈਰੀ-ਨੋਏਲ ਐਨਾਟੋਬੇ ਨੇ ਦੱਸਿਆ ਕਿ ਹਮਲਿਆਂ ਦੌਰਾਨ ਘੱਟੋ-ਘੱਟ 22 ਲੋਕ ਮਾਰੇ ਗਏ ਹਨ ਅਤੇ ਕਈ ਹੋਰਾਂ ਨੂੰ ਬੰਦੂਕਧਾਰੀਆਂ ਨੇ ਅਗਵਾ ਕਰ ਲਿਆ। ਹਮਲਾਵਰਾਂ ਨੇ ਕਈ ਵਾਹਨਾਂ ਅਤੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਇਹ ਹਮਲੇ ਸਰਹੱਦੀ ਖੇਤਰ ਦੇ ਉਨ੍ਹਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਕੀਤੇ ਗਏ, ਜਿੱਥੇ ਪਹੁੰਚਣਾ ਕਾਫ਼ੀ ਮੁਸ਼ਕਲ ਹੈ। ਇਨ੍ਹਾਂ ਘਟਨਾਵਾਂ ਨੇ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੁੜ ਚਿੰਤਾ ਵਧਾ ਦਿੱਤੀ ਹੈ।