- ਅਗਲੀ ਅਕਾਲੀ ਦਲ ਦੀ ਸਰਕਾਰ ਦੁਕਾਨਦਾਰਾਂ ਤੋਂ ਯਕਮੁਸ਼ਤ ਟੈਕਸ ਲਵੇਗੀ, ਉਹਨਾਂ ਨੂੰ ਜੀਵਨ, ਅਗਜ਼ਨੀ ਤੇ ਮੈਡੀਕਲ ਬੀਮਾ ਦੇਵੇਗੀ: ਸੁਖਬੀਰ ਬਾਦਲ
- ਫਰੀਦਕੋਟ, ਜੈਤੋ ਤੇ ਕੋਟਕਪੁਰਾ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਕੀਤੀ ਗੱਲਬਾਤ
ਫਰੀਦਕੋਟ/ਜੈਤੋ/ਕੋਟਕਪੁਰਾ, 11 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦੁਕਾਨਦਾਰਾਂ ਤੋਂ ਯਕਮੁਸ਼ਤ ਟੈਕਸ ਲਵੇਗੀ ਅਤੇ ਉਹਨਾਂ ਨੂੰ ਜੀਵਨ, ਅਗਜ਼ਨੀ ਤੇ ਮੈਡੀਕਲ ਬੀਮਾ ਸਹੂਲਤਾਂ ਪ੍ਰਦਾਨ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਫਰੀਦਕੋਟ, ਜੈਤੋ ਤੇ ਕੋਟਕਪੁਰਾ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਰਾਹਤ ਸਕੀਮ ਜੋ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਤੇ ਯਕੀਨੀ ਬਣਾਇਆ ਜਾਵੇਗਾ ਕਿ ਦੁਕਾਨਦਾਰਾਂ ਨੂੰ ਬਹੀ ਖ਼ਾਤੇ ਨਾ ਰੱਖਣੇ ਪੈਣ। ਉਹਨਾਂ ਕਿਹਾ ਕਿ ਦੁਕਾਨਦਾਰਾਂ ਤੋਂ ਉਹਨਾਂ ਦੇ ਸਵੈ ਘੋਸ਼ਣਾ ਪੱਤਰ ਮੁਤਾਬਕ ਯਕਮੁਸ਼ਤ ਟੈਕਸ ਲਿਆ ਜਾਵੇਗਾ ਅਤੇ ਉਹਨਾਂ ਨੂੰ 25 ਲੱਖ ਰੁਪਏ ਜੀਵਨ ਬੀਮਾ, 10 ਲੱਖ ਰੁਪਏ ਅਗਜ਼ਨੀ ਦਾ ਬੀਮਾ ਤੇ 10 ਲੱਖ ਰੁਪਏ ਮੈਡੀਕਲ ਬੀਮਾ ਦੀ ਸਹੂਲਤ ਦਿੱਤੀ ਜਾਵੇਗੀ।
ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਸ੍ਰੀ ਚੰਦਨ ਕੱਕੜ ਨੇ ਮੰਗ ਕੀਤੀ ਕਿ ਪੋਲੀਥੀਨ ਦੇ ਲਿਫਾਫਿਆਂ ਦਾ ਉਤਪਾਦਨ ਹੀ ਬੰਦ ਕੀਤਾ ਜਾਵੇਗਾ ਤੇ ਦੁਕਾਨਦਾਰਾਂ ਨੂੰ ਪੋਲੀਥੀਨ ਲਿਫਾਫੇ ਰੱਖਣ ਵਾਸਤੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਕਰਿਆਨਾ ਦੁਕਾਨਾਂ ਨੂੰ ਬਚਾਉਣ ਵਾਸਤੇ ਨੀਤੀਆਂ ਲਿਆਂਦੀਆਂ ਜਾਣ। ਭੱਠਾ ਐਸੋਸੀਏਸ਼ਨ ਦੇ ਰਵੀ ਸੇਠੀ ਨੇ ਮੰਗ ਕੀਤੀ ਕਿ ਕਈ ਮਹਿਕਮੇ ਉਹਨਾਂ ਨੂੰ ਟੈਕਸ ਵਾਸਤੇ ਤੰਗ ਪ੍ਰੇਸ਼ਾਨ ਕਰਦੇ ਹਨ ਜਿਸ ਕਾਰਨ ਉਹਨਾਂ ਦਾ ਕੰਮ ਕਰਨਾ ਔਖਾ ਹੋਇਆ ਪਿਆ ਹੈ। ਸਬਜ਼ੀ ਮੰਡੀ ਐਸੋਸੀਏਸ਼ਨ ਦੇ ਸੋਨੂੰ ਗਰੋਵਰ ਨੇ ਮੌਜੂਦਾ ਪੰਜ ਫੀਸਦੀ ਤੋਂ ਆੜ੍ਹਤ ਵਿਚ ਵਾਧਾ ਕਰਨ ਤੇ ਫਰੀਦਕੋਟ ਵਿਚ ਸਬਜ਼ੀ ਮੰਡੀ ਦਾ ਵਿਸਥਾਰ ਕਰਨ ਦੀ ਮੰਗ ਰੱਖੀ। ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਲਖਬੀਰ ਸਿੰਘ ਵੜਿੰਗ ਨੇ ਦੱਸਿਆ ਕਿ ਕਮਿਸ਼ਨ ਵਿਚ ਕਟੌਤੀ ਦੇ ਨਾਲ-ਨਾਲ ਆੜ੍ਹਤੀਏ ਕਿਵੇਂ ਟਰਾਂਸਪੋਰਟ ਠੇਕੇਦਾਰਾਂ ਹੱਥੋਂ ਤੰਗ ਪ੍ਰੇਸ਼ਾਨ ਹੋ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਖਰਚ ਕੀਤੇ ਲੇਬਰ ਖਰਚੇ ਵੀ ਉਹਨਾਂ ਨੂੰ ਵਾਪਸ ਨਹੀਂ ਮਿਲਦੇ।
ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਾ ਸਿਰਫ 2.5 ਫੀਸਦੀ ਕਮਿਸ਼ਨ ਯਕੀਨੀ ਬਣਾਏਗੀ ਬਲਕਿ ਸਰਕਾਰ ਸਮੇਂ ਸਿਰ ਲਿਫਟਿੰਗ ਤੇ ਅਨਾਜ ਦੇ ਭੰਡਾਰ ਵਾਸਤੇ ਢੁਕਵੀਂ ਸਟੋਰੇਜ ਸਮਰਥਾ ਵੀ ਯਕੀਨੀ ਬਣਾਵੇਗੀ।
ਅਕਾਲੀ ਦਲ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਸਹੀ ਚੋਣ ਕਰੋਗੇ। ਉਹਨਾਂ ਕਿਹਾ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇ, ਇਸ ਵਾਸਤੇ ਤੁਹਾਡੀ ਢੁਕਵੀਂ ਚੋਣ ਜ਼ਰੂਰੀ ਹੈ। ਉਹਨਾਂ ਕਿਹਾ ਕਿ ਤੁਹਾਨੂੰ ਅਜਿਹੇ ਵਿਅਕਤੀ ਦੀ ਚੋਣ ਕਰਨੀ ਪਵੇਗੀ ਜੋ ਤੁਹਾਡੀਆਂ ਮੁਸ਼ਕਿਲਾਂ ਜਾਣਦਾ ਹੋਵੇ ਤੇ ਜਿਸਦਾ ਕਾਰਗੁਜ਼ਾਰੀ ਦਾ ਚੰਗਾ ਰਿਕਾਰਡ ਹੋਵੇ। ਉਹਨਾਂ ਕਿਹਾ ਕਿ ਇਕ ਗਲਤ ਫੈਸਲਾ ਪੰਜ ਸਾਲ ਹੋਰ ਖਰਾਬ ਕਰ ਸਕਦਾ ਹੈ।
ਉਹਨਾਂ ਉਦਾਹਰਣ ਦਿੱਤੀ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਹਨਾਂ ਨੇ ਵਪਾਰ ਤੇ ਉਦਯੋਗ ਨੂੰ ਅਪੀਲ ਕੀਤੀ ਕਿ ਉਹ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੀ ਤੁਲਨਾ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਦੇ ਕੰਮਾਂ ਨਾਲ ਕਰ ਕੇ ਵੇਖਣ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਵਿਸ਼ਵ ਪੱਧਰੀ ਸੜਕ ਨੈਟਵਰਕ ਬਣਾਇਆ, ਹਵਾਈ ਅੱਡੇ ਬਣਾਏ ਤੇ ਸੂਬੇ ਵਿਚ ਨਿਵੇਸ਼ ਲਿਆਂਦਾ, ਇਸ ਵਾਸਤੇ ਤੁਹਾਨੂੰ ਅਗਲੀਆਂ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਲਿਆਉਣੀ ਚਾਹੀਦੀ ਹੈ।
ਜੈਤੋ ਵਿਖੇ ਕਲੋਨਾਈਜ਼ਰਾਂ ਨੇ ਕਿਹਾ ਕਿ ਲੋਕਾਂ ਨੂੰ ਰਜਿਸਟਰੀਆਂ ਬੰਦ ਹੋਣ ਕਾਰਨ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ ਕਿਉਂਕਿ ਐਨ ਓ ਸੀ ਨਹੀਂ ਦਿੱਤੀਆਂ ਜਾ ਰਹੀਆਂ। ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਿਲਡ ਪੰਜਾਬ ਵਿਭਾਗ ਦੀ ਸਿਰਜਣਾ ਇਨਵੈਸਟ ਪੰਜਾਬ ਦੀ ਤਰਜ਼ ’ਤੇ ਕਰੇਗੀ। ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਇਕ ਦਫਤਰ ਤੋਂ ਹੀ ਸਾਰੀ ਕਲੀਅਰੰਸ ਮਿਲਿਆ ਕਰੇ। ਉਹਨਾਂ ਕਿਹਾ ਕਿ ਟਰੱਕਾਂ ਅਤੇ ਕਮਰਸ਼ੀਅਲ ਵਾਹਨਾਂ ’ਤੇ ਟੈਕਸ ਘਟਾਉਣ ਸਮੇਤ ਸਾਰੇ ਚਾਰਜਿਜ਼ ਤਰਕਸੰਗਤ ਬਣਾਏ ਜਾਣਗੇ। ਉਹਨਾਂ ਕਿਹਾ ਕਿ ਸਾਰੇ ਟਰੱਕਾਂ ਵਾਲਿਆਂ ਵਾਸਤੇ ਪ੍ਰਤੀ ਕਿਲੋਮੀਟਰ ਰੇਟ ਵੀ ਤੈਅ ਕੀਤੇ ਜਾਣਗੇ ਤਾਂ ਜੋ ਟਰਾਂਸਪੋਰਟੇਸ਼ਨ ਦਾ ਕੰਮ ਪਾਰਦਰਸ਼ੀ ਬਣਾਇਆ ਜਾ ਸਕੇ।
ਇਸ ਮੌਕੇ ਵਪਾਰ ਮੰਡਲ ਪ੍ਰਧਾਨ ਅਮਿਤ ਕਪੂਰ, ਰਮਿੰਦਰ ਆਵਲਾ, ਪਰਮਬੰਸ ਸਿੰਘ ਰੋਮਾਣਾ, ਸੂਬੇ ਸਿੰਘ ਤੇ ਮਨਤਾਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ।





