ਬੁਲਗਾਰੀਆ ’ਚ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, 86 ਵਾਹਨ ਆਪਸ ’ਚ ਟਕਰਾਏ; 12 ਮੌਤਾਂ, 46 ਜ਼ਖ਼ਮੀ

Top Trending News ਪੰਜਾਬ
  • ਬੁਲਗਾਰੀਆ ’ਚ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ, 86 ਵਾਹਨ ਆਪਸ ’ਚ ਟਕਰਾਏ; 12 ਮੌਤਾਂ, 46 ਜ਼ਖ਼ਮੀ

ਨਵੀਂ ਦਿੱਲੀ, 11 ਨਵੰਬਰ (ਦੇਸ਼ ਕਲਿੱਕ ਬਿਊਰੋ): ਬੁਲਗਾਰੀਆ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਰਾਜਧਾਨੀ ਸੋਫੀਆ ਨੂੰ ਕਾਲੇ ਸਾਗਰ ਦੇ ਬੰਦਰਗਾਹ ਸ਼ਹਿਰ ਬਰਗਾਸ ਨਾਲ ਜੋੜਨ ਵਾਲੇ ਹਾਈਵੇਅ ’ਤੇ 86 ਵਾਹਨ ਆਪਸ ਵਿੱਚ ਟਕਰਾ ਗਏ। ਇਸ ਭਿਆਨਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 46 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਦੋਵੇਂ ਪਾਸਿਆਂ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੁਲਗਾਰੀਆ ਦੀ ਰਾਸ਼ਟਰਪਤੀ ਇਲਿਆਨਾ ਯੋਤੋਵਾ ਨੇ ਆਪਣਾ ਪੈਰਿਸ ਦੌਰਾ ਵਿਚਾਲੇ ਹੀ ਛੱਡ ਦਿੱਤਾ। ਉਹ ਪੈਰਿਸ ਪੀਸ ਫੋਰਮ ਵਿੱਚ ਸ਼ਾਮਲ ਹੋਣ ਲਈ ਫਰਾਂਸ ਗਈ ਹੋਈ ਸੀ, ਪਰ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਨੇ ਦੇਸ਼ ਵਾਪਸ ਪਰਤਣ ਦਾ ਫੈਸਲਾ ਕੀਤਾ।

ਅਧਿਕਾਰੀਆਂ ਮੁਤਾਬਕ ਹਾਦਸਿਆਂ ਦੀ ਸ਼ੁਰੂਆਤ ਹਾਈਵੇਅ ਦੀ ਪੂਰਬ ਵੱਲ ਜਾਣ ਵਾਲੀ ਲੇਨ ਤੋਂ ਹੋਈ। ਧੁੰਦ ਇੰਨੀ ਸੰਘਣੀ ਸੀ ਕਿ ਵਾਹਨ ਚਾਲਕਾਂ ਨੂੰ ਅੱਗੇ ਜਾ ਰਹੀਆਂ ਗੱਡੀਆਂ ਦਿਖਾਈ ਨਹੀਂ ਦਿੱਤੀਆਂ, ਜਿਸ ਕਾਰਨ ਕਈ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਕੁਝ ਸਮੇਂ ਬਾਅਦ ਰਾਜਧਾਨੀ ਸੋਫੀਆ ਵੱਲ ਜਾਣ ਵਾਲੀ ਦੂਜੀ ਲੇਨ ’ਤੇ ਵੀ ਕਈ ਗੱਡੀਆਂ ਦੀ ਟੱਕਰ ਹੋ ਗਈ। ਦੂਜੇ ਪਾਸੇ ਵਾਪਰੇ ਹਾਦਸੇ ਨੂੰ ਦੇਖਣ ਲਈ ਕੁਝ ਡਰਾਈਵਰਾਂ ਦਾ ਧਿਆਨ ਸੜਕ ਤੋਂ ਹਟ ਗਿਆ, ਜਿਸ ਕਾਰਨ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਏ। ਅਧਿਕਾਰੀਆਂ ਨੇ ਤੇਜ਼ ਰਫ਼ਤਾਰ ਨੂੰ ਵੀ ਹਾਦਸੇ ਦੀ ਗੰਭੀਰਤਾ ਵਧਾਉਣ ਵਾਲਾ ਕਾਰਨ ਦੱਸਿਆ ਹੈ।

ਗੱਡੀਆਂ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਬੈਰੀਅਰ ਕੱਟੇ
ਯਾਮਬੋਲ ਖੇਤਰ ਦੇ ਗਵਰਨਰ ਜੌਰਜੀ ਚਾਲਾਕੋਵ ਨੇ ਦੱਸਿਆ ਕਿ ਟੱਕਰਾਂ ਤੋਂ ਬਾਅਦ ਕਈ ਲੋਕ ਆਪਣੀਆਂ ਗੱਡੀਆਂ ਅੰਦਰ ਫਸ ਗਏ ਸਨ। ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਟੀਮਾਂ ਨੂੰ ਸੜਕ ਕਿਨਾਰੇ ਲੱਗੇ ਬੈਰੀਅਰਾਂ ਦੇ ਕੁਝ ਹਿੱਸੇ ਕੱਟਣੇ ਪਏ। ਧੁੰਦ ਕਾਰਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਮਦਦ ਵੀ ਨਹੀਂ ਲਈ ਜਾ ਸਕੀ। ਹਾਦਸੇ ਦੌਰਾਨ ਇੱਕ ਵਾਹਨ ਨੂੰ ਅੱਗ ਲੱਗ ਗਈ ਸੀ। ਇਸ ਦੌਰਾਨ ਮੌਕੇ ’ਤੇ ਮੌਜੂਦ ਇੱਕ ਵਿਅਕਤੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੱਡੀ ਵਿੱਚ ਫਸੇ ਇੱਕ ਵਿਅਕਤੀ ਨੂੰ ਬਾਹਰ ਕੱਢਿਆ।

ਪ੍ਰਧਾਨ ਮੰਤਰੀ ਵੀ ਮੁਲਾਕਾਤ ਛੱਡ ਕੇ ਮੌਕੇ ’ਤੇ ਪਹੁੰਚੇ
ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਵੀ ਮੰਗਲਵਾਰ ਨੂੰ ਬੁਲਗਾਰੀਆ ਦੇ ਦੌਰੇ ’ਤੇ ਸੀ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪ੍ਰਧਾਨ ਮੰਤਰੀ ਰੁਮੇਨ ਰਾਦੇਵ ਉਨ੍ਹਾਂ ਨਾਲ ਹੋਣ ਵਾਲੀ ਮੁਲਾਕਾਤ ਛੱਡ ਕੇ ਸਿੱਧੇ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ। ਪ੍ਰਸ਼ਾਸਨ ਨੇ ਹਾਈਵੇਅ ਨੂੰ ਫਿਲਹਾਲ ਬੰਦ ਰੱਖਿਆ ਹੈ। ਅਧਿਕਾਰੀਆਂ ਮੁਤਾਬਕ ਨੁਕਸਾਨੀਆਂ ਗੱਡੀਆਂ ਅਤੇ ਸੜਕ ’ਤੇ ਪਏ ਮਲਬੇ ਨੂੰ ਹਟਾਉਣ ਤੋਂ ਬਾਅਦ ਹੀ ਆਵਾਜਾਈ ਮੁੜ ਸ਼ੁਰੂ ਕੀਤੀ ਜਾਵੇਗੀ।