ਹਰਸਿਮਰਤ ਬਾਦਲ ਨੇ ਆਪ ’ਤੇ ਕੀਤੇ ਤਿੱਖੇ ਹਮਲੇ, ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦੇ ਅੰਕੜੇ ਦਬਾਉਣ ਲਈ ਯਤਨਸ਼ੀਲ

Top Trending News ਪੰਜਾਬ
  • ਹਰਸਿਮਰਤ ਬਾਦਲ ਨੇ ਆਪ ’ਤੇ ਕੀਤੇ ਤਿੱਖੇ ਹਮਲੇ, ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦੇ ਅੰਕੜੇ ਦਬਾਉਣ ਲਈ ਯਤਨਸ਼ੀਲ
  • ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ 3.5 ਲੱਖ ਮੌਤਾਂ ਹੋਈਆਂ
  • ਅਕਾਲੀ ਦਲ ਦੇ ਐਮ ਪੀ ਅਕਾਲੀ ਦਲ ਦੇ ਵਰਕਰ ਨਾਲ ਡਟੇ
  • ਜੋ ਹਾਲ ਹੀ ਵਿਚ ਆਪ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ, ਕਿਹਾ ਕਿ ਜਿਸਨੇ ਵੀ ਰਾਜਾਸਾਂਸੀ ਰੈਲੀ ਵਿਚ ਉਸ ਨਾਲ ਕੁੱਟਮਾਰ ਕੀਤੀ, ਉਸ ’ਤੇ ਪਰਚਾ ਦਰਜ ਕਰਵਾਇਆ ਜਾਵੇਗਾ
  • ਬਠਿੰਡਾ ਦੇ ਐਮ ਪੀ ਨੇ ਸੋਨੀਆ ਗਾਂਧੀ ’ਤੇ ਕੀਤਾ ਤਿੱਖਾ ਹਮਲਾ, ਕਿਹਾ ਕਿ ਮੁਆਫੀ ਦਾ ਇਕ ਸ਼ਬਦ ਨਹੀਂ, ਪੁਸਤਕ ਵਿਚ ਸਿਰਫ ਇਕ ਲਾਈਨ ਲਿਖ ਕੇ ਕਾਂਗਰਸ ਨੇ 1984 ਦੇ ਸਿੱਖ ਕਤਲੇਆਮ ’ਤੇ ਜਾਅਲੀ ਅਫਸੋਸ ਪ੍ਰਗਟਾਇਆ
  • ਕਿਹਾ ਕਿ ਇਹ ਪਿੰਡਾਂ ਵਿਚ ਨਸ਼ਿਆਂ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਦਾ ਅੰਦਾਜ਼ਾ ਕਿਉਂਕਿ ਹਰ ਪਿੰਡ ਵਿਚ ਔਸਤਨ ਪੰਜ ਮੌਤਾਂ ਹੋਈਆਂ
  • ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹਨਾਂ ਕਿੰਨੇ ਨਸ਼ਾ ਤਸਕਰ ਹੁਣ ਤੱਕ ਫੜੇ ਤੇ ਹੁਣ ਤੱਕ ’ਚਿੱਟੇ’ ਦੀ ਕੋਈ ਫੈਕਟਰੀ ਕਿਉਂ ਨਹੀਂ ਫੜੀ ਗਈ
  • ਅਜਨਾਲਾ ਤੇ ਡੇਰਾ ਬਾਬਾ ਨਾਨਕ ਵਿਖੇ ਔਰਤਾਂ ਦੇ ਵਿਸ਼ਾਲ ਇਕੱਠਾਂ ਨੂੰ ਕੀਤਾ ਸੰਬੋਧਨ

ਅਜਨਾਲਾ/ਡੇਰਾ ਬਾਬਾ ਨਾਨਕ, 11 ਨਵੰਬਰ (ਦੇਸ਼ ਕਲਿਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਪੰਜ ਲੱਖ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਹਨ ਅਤੇ ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਸੰਕਟ ਦੀ ਜ਼ਿੰਮੇਵਾਰੀ ਚੁੱਕਣ ਤੇ ਤੁਰੰਤ ਅਸਤੀਫਾ ਦੇਣ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਵਿਖੇ ਔਰਤਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਤਕਰੀਬਨ ਹਰ ਪਿੰਡ ਵਿਚ ਪਿਛਲੇ ਪੰਜ ਸਾਲਾਂ ਵਿਚ ਔਸਤਨ ਪੰਜ ਮੌਤਾਂ ਹੋਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ 13 ਹਜ਼ਾਰ ਪਿੰਡ ਹਨ ਤੇ ਜੇਕਰ ਅਸੀਂ ਹਿਸਾਬ ਲਾਈਏ ਤਾਂ ਪਿੰਡਾਂ ਵਿਚ ਹੀ ਪੰਜ ਲੱਖ ਮੌਤਾਂ ਹੋ ਚੁੱਕੀਆਂ ਹਨ। ਜੇਕਰ ਅਸੀਂ ਕਸਬਿਆਂ ਤੇ ਸ਼ਹਿਰਾਂ ਦੀ ਗਿਣਤੀ ਵੀ ਨਾਲ ਜੋੜੀਏ ਤਾਂ ਇਸ ਅੰਕੜੇ ਵਿਚ ਕੁਝ ਲੱਖ ਮੌਤਾਂ ਹੋਰ ਜੁੜ ਜਾਣਗੀਆਂ।

ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬਜਾਏ ਪੰਜਾਬ ਦੇ ਨਸ਼ਾ ਤਸਕਰੀ ਸੰਕਟ ਦੇ ਅਸਲ ਵੇਰਵੇ ਸਾਂਝੇ ਕਰਨ ਦੇ ਆਪ ਸਰਕਾਰ ਪਰਦੇ ਪਾਉਣ ਵਿਚ ਰੁੱਝੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੀ ਰਜਿਸਟਰੇਸ਼ਨ ਨਹੀਂ ਹੁੰਦੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਂ ਭੰਮੇ ਕਲਾਂ ਦੇ ਦਲਜੀਤ ਸਿੰਘ ਅਤੇ ਬਟਾਲਾ ਦੇ ਬਿਕਰਮਜੀਤ ਸਿੰਘ ਵਰਗੇ ਮਾਮਲਿਆਂ ਵਿਚ ਲਾਸ਼ਾਂ ਵੀ ’ਅਗਵਾ’ ਕਰਕੇ ਜ਼ਬਰੀ ਅੰਤਿਮ ਸਸਕਾਰ ਕੀਤੇ ਹਨ।

ਉਹਨਾਂ ਕਿਹਾ ਕਿ ਔਰਤਾਂ ਜੋ ਸਰਕਾਰ ਦੀ ਇਸ ਪਰਦਾ ਪਾਉਣ ਦੀ ਕਾਰਵਾਈ ਦਾ ਸਭ ਤੋਂ ਵੱਧ ਸ਼ਿਕਾਰ ਹੋਈਆਂ ਹਨ, ਜਵਾਬ ਮੰਗ ਰਹੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛ ਰਹੀਆਂ ਹਨ ਕਿ ਹੁਣ ਤੱਕ ਉਸਨੇ ਕਿੰਨੇ ਨਸ਼ਾ ਤਸਕਰ ਫੜੇ ਹਨ ? ਹੁਣ ਤੱਕ ਉਸਨੇ ਉਹ ਫੈਕਟਰੀਆਂ ਕਿਉਂ ਨਹੀਂ ਫੜੀਆਂ ਜਿਥੇ ’ਚਿੱਟਾ’ ਬਣਦਾ ਹੈ ? ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਮੁੱਖ ਮੰਤਰੀ ਦੌਰਾਨ ਸ਼ੇਰੋਂ ਪਿੰਡ ਦੇ ਮੋਹਣਜੀਤ ਸਿੰਘ ਤੇ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਵਰਗਿਆਂ ਨੂੰ ਡਰਾਉਣ ਧਮਕਾਉਣ ਤੇ ਤਸੀਹੇ ਦੇਣ ਵਿਚ ਲੱਗਿਆ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇੰਨੇ ਨੌਜਵਾਨਾਂ ਦੀ ਮੌਤ ਤਾਂ ਅਤਿਵਾਦ ਵੇਲੇ ਜਾਂ ਫਿਰ ਕੋਰੋਨਾ ਵੇਲੇ ਵੀ ਨਹੀਂ ਹੋਈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਫੇਲ੍ਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਤਾਂ ਔਰਤਾਂ ਖੁਦ ਨਸ਼ਾ ਮਾਫੀਆ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਲੈਣਗੀਆਂ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵੱਲੋਂ ਬਣਾਈ ਮਾਈ ਭਾਗੋ ਦੀ ਫੌਜ ਵਿਚ ਸ਼ਾਮਲ ਹੋਣ ਤੱਕ ਪਿੰਡਾਂ ਵਿਚ ਨਸ਼ਾ ਤਸਕਰਾਂ ਨਾਲ ਨਜਿੱਠਣ ਵਾਸਤੇ ਜੱਥੇ ਬਣਾਉਣ। ਉਹਨਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਬਾਰੇ ਜਾਣਕਾਰੀ ਇਕੱਤਰ ਕਰਨ ਭਾਵੇਂ ਉਸ ਵਿਚ ਆਪ ਦੇ ਸਿਆਸਤਦਾਨ ਜਾਂ ਪੁਲਿਸ ਅਫਸਰ ਹੀ ਸ਼ਾਮਲ ਕਿਉਂ ਨਾ ਹੋਣ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰ ਕੇ ਮਾਈ ਭਾਗੋ ਦੀ ਫੌਜ ਦੇ ਮੈਂਬਰਾਂ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੀ ਜਾਂਚ ਦੀ ਜ਼ਿੰਮੇਵਾਰੀ ਇਸ ਟਾਸਕ ਫੋਰਸ ਨੂੰ ਦਿੱਤੀ ਜਾਵੇਗੀ ਤੇ ਨਸ਼ਾ ਤਸਕਰਾਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਨਸ਼ੇੜੀਆਂ ਵਾਸਤੇ ਮੁੜ ਵਸੇਬੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਤੇ ਇਹਨਾਂ ਨੂੰ ਮੁਹਾਰਤੀ ਸਿੱਖਿਆ ਦੇ ਕੇ ਕਰਜ਼ੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਇਹ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕਣ। ਉਹਨਾਂ ਕਿਹਾ ਕਿ ਨਵਾਂ ਕਾਨੂੰਨ ਲਿਆ ਕੇ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣੀ ਤੇ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਮਿਲਣਾ ਯਕੀਨੀ ਬਣਾਇਆ ਜਾਵੇਗਾ।

ਡੇਰਾ ਬਾਬਾ ਨਾਨਕ ਵਿਖੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸੋਨੀਆ ਗਾਂਧੀ ਵੱਲੋਂ ਆਪਣੀ ਪੁਸਤਕ ਵਿਚ 1984 ਵਿਚ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਿੱਖ ਕਤਲੇਆਮ ਲਈ ਮੁਆਫੀ ਨਾ ਮੰਗਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਦੀਆਂ ਤਿੰਨ ਪੀੜੀਆਂ ਨੇ ਕਾਂਗਰਸ ਵੱਲੋਂ ਬਣਾਈ ਯੋਜਨਾ ਦੇ ਤਹਿਤ ਕਰਵਾਏ ਸਿੱਖ ਕਤਲੇਆਮ ਲਈ ਮੁਆਫੀ ਮੰਗਣ ਤੋਂ ਗੁਰੇਜ਼ ਕੀਤਾ ਹੈ। ਇਹਨਾਂ ਨੇ ਡਾ. ਮਨਮੋਹਨ ਸਿੰਘ ਤੋਂ ਕਤਲੇਆਮ ਦੀ ਮੁਆਫੀ ਮੰਗਵਾ ਲਈ ਪਰ ਖੁਦ ਮੁਆਫੀ ਮੰਗਣ ਤੋਂ ਭੱਜ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਨਾਲਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜੋਧ ਸਿੰਘ ਸਮਰਾ, ਬੀਬੀ ਰਵਜੀਤ ਕੌਰ ਸਮਰਾ, ਬੀਬੀ ਸਵਰਨ ਕੌਰ ਤੇੜਾ, ਬੀਬੀ ਰਜਨੀ ਬਾਲਾ ਸ਼ਹਿਰੀ ਪ੍ਰਧਾਨ, ਬੀਬੀ ਰਾਜਵਿੰਦਰ ਕੌਰ ਦਿਹਾਤੀ ਪ੍ਰਧਾਨ ਅਜਨਾਲਾ, ਬੀਬੀ ਸਤਵਿੰਦਰ ਕੌਰ, ਸ਼ਰਧਾ ਰਾਣੀ, ਸਟੇਜ ਸਕੱਤਰ ਬੀਬੀ ਅਮਨ ਕੌਰ ਭੂਰੇਗਿੱਲ ਹਾਜ਼ਰ ਸਨ । ਡੇਰਾ ਬਾਬਾ ਨਾਨਕ ਵਿੱਚ ਬੀਬੀ ਹਰਭਜਨ ਕੌਰ ਲੰਗਾਹ ਅਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੂੰ ਨੇ ਵੀ ਸੰਬੋਧਿਤ ਕੀਤਾ।