ਉੱਤਰਾਖੰਡ ’ਚ ਭਿਆਨਕ ਬੱਸ ਹਾਦਸਾ: 100 ਮੀਟਰ ਡੂੰਘੇ ਨਾਲੇ ’ਚ ਡਿੱਗੀ ਬੱਸ, 6 ਮੌਤਾਂ, 20 ਯਾਤਰੀ ਜ਼ਖ਼ਮੀ

Top Trending News ਰਾਸ਼ਟਰੀ

 

ਉੱਤਰਾਖੰਡ ’ਚ ਭਿਆਨਕ ਬੱਸ ਹਾਦਸਾ: 100 ਮੀਟਰ ਡੂੰਘੇ ਨਾਲੇ ’ਚ ਡਿੱਗੀ ਬੱਸ, 6 ਮੌਤਾਂ, 20 ਯਾਤਰੀ ਜ਼ਖ਼ਮੀ

ਦੇਹਰਾਦੂਨ, 17 ਨਵੰਬਰ 2026: ਉੱਤਰਾਖੰਡ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਹਰਿਦੁਆਰ ਤੋਂ ਕਰਨਪ੍ਰਯਾਗ ਜਾ ਰਹੀ ਯਾਤਰੀਆਂ ਨਾਲ ਭਰੀ ਬੱਸ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ’ਤੇ ਗੁਲਰ ਬਾਜ਼ਾਰ ਨੇੜੇ ਬੇਕਾਬੂ ਹੋ ਕੇ ਪੁਲ ਤੋਂ ਕਰੀਬ 100 ਮੀਟਰ ਹੇਠਾਂ ਨਾਲੇ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 20 ਯਾਤਰੀ ਜ਼ਖ਼ਮੀ ਹੋਏ ਹਨ।

ਮੁੱਢਲੀ ਜਾਣਕਾਰੀ ਅਨੁਸਾਰ ਵਿਸ਼ਵਨਾਥ ਸੇਵਾ ਦੀ ਇਹ ਬੱਸ ਸਵੇਰੇ ਕਰੀਬ 3:30 ਵਜੇ ਹਰਿਦੁਆਰ ਤੋਂ ਰਵਾਨਾ ਹੋਈ ਸੀ। ਹਾਦਸੇ ਸਮੇਂ ਬੱਸ ਵਿੱਚ 30 ਤੋਂ 35 ਦੇ ਕਰੀਬ ਯਾਤਰੀ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਡੀਆਰਐਫ ਦੀਆਂ ਬਿਆਸੀ ਅਤੇ ਢਾਲਵਾਲਾ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਐਸਐਸਪੀ ਮੁਤਾਬਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਦੋ ਹੋਰ ਵਿਅਕਤੀਆਂ ਦੀ ਭਾਲ ਲਈ ਖੱਡ ਵਿੱਚ ਰਾਹਤ ਕਾਰਜ ਜਾਰੀ ਹਨ। ਬਚਾਏ ਗਏ 20 ਜ਼ਖ਼ਮੀਆਂ ਵਿੱਚੋਂ 19 ਨੂੰ ਏਮਜ਼ ਰਿਸ਼ੀਕੇਸ਼ ਭੇਜਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।