IPL 2027: ਮਿੰਨੀ ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੇ ਜਾਰੀ ਕੀਤੀ ਛੱਡੇ ਤੇ ਰੱਖੇ ਖਿਡਾਰੀਆਂ ਦੀ ਸੂਚੀ

Top Trending News ਖੇਡਾਂ
  • IPL 2027: ਮਿੰਨੀ ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੇ ਜਾਰੀ ਕੀਤੀ ਛੱਡੇ ਤੇ ਰੱਖੇ ਖਿਡਾਰੀਆਂ ਦੀ ਸੂਚੀ
  • KKR ਨੇ ਸਭ ਤੋਂ ਵੱਧ 12 ਖਿਡਾਰੀਆਂ ਨੂੰ ਕੀਤਾ ਰਿਲੀਜ਼
  • ਲਖਨਊ ਕੋਲ ਸਭ ਤੋਂ ਵੱਡਾ 47.45 ਕਰੋੜ ਰੁਪਏ ਦਾ ਪਰਸ
  • ਗੁਜਰਾਤ ਕੋਲ ਸਭ ਤੋਂ ਘੱਟ 8.75 ਕਰੋੜ

ਨਵੀਂ ਦਿੱਲੀ:17 ਨਵੰਬਰ (ਦੇਸ਼ ਕਲਿੱਕ ਬਿਊਰੋ): ਆਈਪੀਐੱਲ 2027 ਦੀ ਮਿੰਨੀ ਨਿਲਾਮੀ ਤੋਂ ਪਹਿਲਾਂ ਸਾਰੀਆਂ 10 ਫ੍ਰੈਂਚਾਇਜ਼ੀਆਂ ਨੇ ਆਪਣੇ ਰਿਟੇਨ ਅਤੇ ਰਿਲੀਜ਼ ਕੀਤੇ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਟੀਮਾਂ ਨੇ ਕੁੱਲ 81 ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਸਭ ਤੋਂ ਵੱਧ 12 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜਦਕਿ ਚੇਨਈ ਸੁਪਰ ਕਿੰਗਜ਼ (CSK) ਅਤੇ ਦਿੱਲੀ ਕੈਪੀਟਲਜ਼ (DC) ਨੇ 10-10 ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕੀਤਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਗੁਜਰਾਤ ਟਾਈਟਨਜ਼ ਨੇ ਸਭ ਤੋਂ ਘੱਟ 5-5 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ।

16 ਦਸੰਬਰ ਨੂੰ ਗੋਆ ਵਿੱਚ ਹੋਣ ਵਾਲੀ ਮਿੰਨੀ ਨਿਲਾਮੀ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ ਕੋਲ ਸਭ ਤੋਂ ਵੱਧ 47.45 ਕਰੋੜ ਰੁਪਏ ਬਾਕੀ ਹਨ। ਕੋਲਕਾਤਾ ਕੋਲ 41.65 ਕਰੋੜ ਅਤੇ ਸਨਰਾਈਜ਼ਰਜ਼ ਹੈਦਰਾਬਾਦ ਕੋਲ 40.15 ਕਰੋੜ ਰੁਪਏ ਹਨ। ਗੁਜਰਾਤ ਟਾਈਟਨਜ਼ ਦਾ ਪਰਸ ਸਭ ਤੋਂ ਘੱਟ 8.75 ਕਰੋੜ ਰੁਪਏ ਹੈ।

ਕੋਲਕਾਤਾ ਨੇ ਪਥਿਰਾਨਾ ਅਤੇ ਮੁਸਤਫਿਜ਼ੁਰ ਨੂੰ ਕੀਤਾ ਰਿਲੀਜ਼
ਕੋਲਕਾਤਾ ਨਾਈਟ ਰਾਈਡਰਜ਼ ਨੇ ਮਥੀਸ਼ਾ ਪਥਿਰਾਨਾ ਅਤੇ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਪਥਿਰਾਨਾ ਨੂੰ ਪਿਛਲੀ ਨਿਲਾਮੀ ਵਿੱਚ 18 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ, ਪਰ ਸੱਟ ਕਾਰਨ ਉਹ ਸਿਰਫ਼ ਇੱਕ ਮੈਚ ਹੀ ਖੇਡ ਸਕੇ। ਮੁਸਤਫਿਜ਼ੁਰ ਪਿਛਲੇ ਸੀਜ਼ਨ ਵਿੱਚ ਇੱਕ ਵੀ ਮੈਚ ਨਹੀਂ ਖੇਡੇ ਸਨ। ਦੂਜੇ ਪਾਸੇ ਟੀਮ ਨੇ ਕੈਮਰਨ ਗ੍ਰੀਨ ’ਤੇ ਭਰੋਸਾ ਕਾਇਮ ਰੱਖਿਆ ਹੈ, ਜਿਨ੍ਹਾਂ ਨੂੰ 25.20 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ। ਉਨ੍ਹਾਂ ਨੇ 14 ਪਾਰੀਆਂ ਵਿੱਚ 322 ਦੌੜਾਂ ਬਣਾਉਣ ਦੇ ਨਾਲ 7 ਵਿਕਟਾਂ ਵੀ ਲਈਆਂ।

ਟ੍ਰੈਵਿਸ ਹੈੱਡ ਨੇ ਖ਼ੁਦ ਸੀਜ਼ਨ ਤੋਂ ਹਟਣ ਦਾ ਕੀਤਾ ਫ਼ੈਸਲਾ
ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਗਲੇ ਸੀਜ਼ਨ ਵਿੱਚ ਨਹੀਂ ਖੇਡਣਗੇ। ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਦੇ ਰੁਝੇਵੇਂ ਭਰੇ ਪ੍ਰੋਗਰਾਮ ਕਾਰਨ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਦੇ ਜਾਣ ਨਾਲ ਟੀਮ ਦੇ ਪਰਸ ਵਿੱਚ 14 ਕਰੋੜ ਰੁਪਏ ਦੀ ਜਗ੍ਹਾ ਖਾਲੀ ਹੋ ਗਈ ਹੈ। ਹੁਣ ਹੈਦਰਾਬਾਦ ਨੂੰ ਸਲਾਮੀ ਜੋੜੀ ਲਈ ਨਵੇਂ ਬਦਲ ਦੀ ਭਾਲ ਕਰਨੀ ਪਵੇਗੀ।

ਦਿੱਲੀ ਨੇ ਸਟਾਰਕ ਸਮੇਤ 10 ਖਿਡਾਰੀ ਕੀਤੇ ਰਿਲੀਜ਼
ਦਿੱਲੀ ਕੈਪੀਟਲਜ਼ ਨੇ ਮਿਚੇਲ ਸਟਾਰਕ, ਨਿਤੀਸ਼ ਰਾਣਾ ਅਤੇ ਪਥੁਮ ਨਿਸਾਂਕਾ ਸਮੇਤ 10 ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਸਟਾਰਕ ਦੇ ਜਾਣ ਨਾਲ ਟੀਮ ਦੇ ਪਰਸ ਵਿੱਚ 11.75 ਕਰੋੜ ਰੁਪਏ ਵਧ ਗਏ ਹਨ। ਪਿਛਲੇ ਸੀਜ਼ਨ ਵਿੱਚ ਨਿਤੀਸ਼ ਰਾਣਾ ਨੇ 9 ਪਾਰੀਆਂ ਵਿੱਚ 225 ਅਤੇ ਨਿਸਾਂਕਾ ਨੇ 10 ਪਾਰੀਆਂ ਵਿੱਚ 278 ਦੌੜਾਂ ਬਣਾਈਆਂ ਸਨ। ਬੇਨ ਡਕੇਟ ਨੇ ਟੈਸਟ ਕ੍ਰਿਕਟ ’ਤੇ ਧਿਆਨ ਦੇਣ ਕਾਰਨ ਪਿਛਲਾ ਆਈਪੀਐੱਲ ਸੀਜ਼ਨ ਨਹੀਂ ਖੇਡਿਆ ਸੀ।

ਮੁੰਬਈ ਨੇ ਬੋਲਟ ਅਤੇ ਦੀਪਕ ਚਾਹਰ ਨੂੰ ਕੀਤਾ ਬਾਹਰ
ਮੁੰਬਈ ਇੰਡੀਅਨਜ਼ ਨੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਦੀਪਕ ਚਾਹਰ ਨੂੰ ਰਿਲੀਜ਼ ਕਰ ਦਿੱਤਾ ਹੈ। ਬੋਲਟ ਨੇ ਪਿਛਲੇ ਸੀਜ਼ਨ ਵਿੱਚ 5 ਮੈਚਾਂ ਦੌਰਾਨ ਸਿਰਫ਼ 2 ਵਿਕਟਾਂ ਲਈਆਂ ਸਨ, ਜਦਕਿ ਚਾਹਰ ਨੇ 8 ਮੈਚਾਂ ਵਿੱਚ 8 ਵਿਕਟਾਂ ਹਾਸਲ ਕੀਤੀਆਂ ਸਨ।

ਰਾਜਸਥਾਨ ਨੇ ਹੇਟਮਾਇਰ ਨੂੰ ਵੀ ਛੱਡਿਆ
ਰਾਜਸਥਾਨ ਰਾਇਲਜ਼ ਨੇ ਸ਼ਿਮਰੋਨ ਹੇਟਮਾਇਰ, ਤੁਸ਼ਾਰ ਦੇਸ਼ਪਾਂਡੇ ਅਤੇ ਐਡਮ ਮਿਲਨੇ ਨੂੰ ਰਿਲੀਜ਼ ਕੀਤਾ ਹੈ। ਹੇਟਮਾਇਰ ਦੇ ਜਾਣ ਨਾਲ ਟੀਮ ਦੇ ਪਰਸ ਵਿੱਚ 11 ਕਰੋੜ ਰੁਪਏ ਹੋਰ ਜੁੜ ਗਏ ਹਨ।

ਪੰਜਾਬ ਨੇ ਸਟੋਇਨਿਸ ’ਤੇ ਜਤਾਇਆ ਭਰੋਸਾ
ਪੰਜਾਬ ਕਿੰਗਜ਼ ਨੇ ਆਸਟ੍ਰੇਲੀਆਈ ਆਲਰਾਊਂਡਰ ਮਾਰਕਸ ਸਟੋਇਨਿਸ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਹੈ। ਉਨ੍ਹਾਂ ਨੇ ਪਿਛਲੇ ਸੀਜ਼ਨ ਵਿੱਚ 13 ਮੈਚ ਖੇਡਦਿਆਂ 9 ਪਾਰੀਆਂ ਵਿੱਚ 216 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 180 ਰਿਹਾ। ਗੇਂਦਬਾਜ਼ੀ ਵਿੱਚ ਉਨ੍ਹਾਂ ਨੇ 7.5 ਓਵਰਾਂ ਵਿੱਚ 2 ਵਿਕਟਾਂ ਹਾਸਲ ਕੀਤੀਆਂ ਸਨ।

RCB ਨੇ ਜੈਕਬ ਬੈਥਲ ਨੂੰ ਕੀਤਾ ਰਿਲੀਜ਼
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਜੈਕਬ ਬੈਥਲ, ਰਿਚਰਡ ਗਲੀਸਨ, ਮੰਗੇਸ਼ ਯਾਦਵ, ਸਾਤਵਿਕ ਦੇਸਵਾਲ ਅਤੇ ਵਿਹਾਨ ਮਲਹੋਤਰਾ ਨੂੰ ਰਿਲੀਜ਼ ਕੀਤਾ ਹੈ। ਬੈਥਲ ਨੂੰ ਬਾਹਰ ਕਰਨਾ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋਈ ਹੈ ਅਤੇ ਉਨ੍ਹਾਂ ਦੀ ਸਿਹਤਯਾਬੀ ਵਿੱਚ ਉਮੀਦ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ।

ਗੁਜਰਾਤ ਨੇ ਸ਼ਾਹਰੁਖ ਖ਼ਾਨ ਨੂੰ ਕੀਤਾ ਰਿਲੀਜ਼
ਗੁਜਰਾਤ ਟਾਈਟਨਜ਼ ਨੇ ਈਸ਼ਾਂਤ ਸ਼ਰਮਾ, ਲਿਊਕ ਵੁੱਡ, ਕੁਲਵੰਤ ਖੇਜਰੋਲੀਆ, ਸ਼ਾਹਰੁਖ ਖ਼ਾਨ ਅਤੇ ਕੋਨਰ ਐਸਟਰਹੂਇਜ਼ਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਈਸ਼ਾਂਤ ਅਤੇ ਕੁਲਵੰਤ ਨੂੰ ਪਿਛਲੇ ਸੀਜ਼ਨ ਵਿੱਚ ਖੇਡਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ ਸਨ।

ਚੇਨਈ ਨੇ ਪ੍ਰਸ਼ਾਂਤ ਵੀਰ ਸਮੇਤ 10 ਖਿਡਾਰੀ ਛੱਡੇ
ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ ਧੋਨੀ ਨੂੰ ਬਰਕਰਾਰ ਰੱਖਦਿਆਂ ਮੈਥਿਊ ਸ਼ਾਰਟ, ਮੈਟ ਹੈਨਰੀ, ਜੈਕ ਫਾਲਕਸ, ਪ੍ਰਸ਼ਾਂਤ ਵੀਰ, ਅਮਨ ਖ਼ਾਨ, ਕੁਲਦੀਪ ਯਾਦਵ, ਆਕਾਸ਼ ਮਧਵਾਲ, ਡਿਆਨ ਫੋਰੈਸਟਰ ਅਤੇ ਮੈਕਨੀਲ ਨੋਰੋਂਹਾ ਨੂੰ ਰਿਲੀਜ਼ ਕੀਤਾ ਹੈ। ਟੀਮ ਕੋਲ ਹੁਣ 28.05 ਕਰੋੜ ਰੁਪਏ ਬਾਕੀ ਹਨ।

ਲਖਨਊ ਨੇ ਆਵੇਸ਼ ਖ਼ਾਨ ਨੂੰ ਕੀਤਾ ਰਿਲੀਜ਼

ਲਖਨਊ ਸੁਪਰ ਜਾਇੰਟਸ ਨੇ ਮੱਧ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟੀਮ ਨੇ ਮੰਗਲਵਾਰ ਨੂੰ ਹੀ ਮੁਹੰਮਦ ਸ਼ਮੀ ਨੂੰ ਟਰੇਡ ਕੀਤਾ ਸੀ।