ਪਟਿਆਲਾ ’ਚ ਵੱਡਾ ਹਾਦਸਾ: ਭਾਖੜਾ ਨਹਿਰ ’ਤੇ ਬਣਿਆ ਪੁਲ ਅਚਾਨਕ ਟੁੱਟਿਆ, ਦੋ ਟਰੱਕ ਫਸੇ, ਇੱਕ ਨੂੰ ਲੱਗੀ ਅੱਗ
ਪਟਿਆਲਾ, 19 ਨਵੰਬਰ 2026: ਪਟਿਆਲਾ-ਸੰਗਰੂਰ ਬਾਈਪਾਸ ’ਤੇ ਪਿੰਡ ਪਸਿਆਣਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਭਾਖੜਾ ਨਹਿਰ ’ਤੇ ਬਣਿਆ ਪੁਲ ਅਚਾਨਕ ਟੁੱਟ ਗਿਆ। ਹਾਦਸੇ ਸਮੇਂ ਪੁਲ ਤੋਂ ਲੰਘ ਰਹੇ ਦੋ ਟਰੱਕ ਪੁਲ ਦੇ ਟੁੱਟੇ ਹਿੱਸੇ ਵਿੱਚ ਧੱਸ ਗਏ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਲੱਗਣ ਕਾਰਨ ਮੌਕੇ ’ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਫਾਇਰ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੱਕ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ। ਪੁਲ ਟੁੱਟਣ ਅਤੇ ਟਰੱਕਾਂ ਦੇ ਫਸਣ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸਥਿਤੀ ਬਣ ਗਈ।
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਹਾਲੇ ਤੱਕ ਕਿਸੇ ਵਿਅਕਤੀ ਦੀ ਮੌਤ ਜਾਂ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਹੋਈ। ਪੁਲ ਅਚਾਨਕ ਕਿਹੜੇ ਕਾਰਨਾਂ ਕਰਕੇ ਟੁੱਟਿਆ, ਇਸ ਬਾਰੇ ਵੀ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਘਟਨਾ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਪੁਲ ਦੇ ਅੰਦਰ ਧੱਸੇ ਟਰੱਕ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦੇਖਿਆ ਜਾ ਸਕਦਾ ਹੈ। ਹੁਣ ਇਸ ਹਾਦਸੇ ਨੇ ਪੁਲ ਦੀ ਸੁਰੱਖਿਆ ਅਤੇ ਉਸਾਰੀ ਦੀ ਗੁਣਵੱਤਾ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।





