ਭਾਰਤ-ਪਾਕਿਸਤਾਨ ਸਬੰਧਾਂ ਦਰਮਿਆਨ ਅਹਿਮ ਖ਼ਬਰ: SCO ਸਭਿਅਤਾਵਾਂ ਸੰਵਾਦ ਮੰਚ ਲਈ ਪਾਕਿਸਤਾਨੀ ਵਫ਼ਦ ਆਵੇਗਾ ਦਿੱਲੀ
ਇਸਲਾਮਾਬਾਦ, 19 ਨਵੰਬਰ 2026: ਭਾਰਤ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਪਹਿਲੇ ‘ਸਭਿਅਤਾਵਾਂ ਬਾਰੇ ਸੰਵਾਦ ਮੰਚ’ ਵਿੱਚ ਪਾਕਿਸਤਾਨ ਵੀ ਆਪਣੀ ਸ਼ਮੂਲੀਅਤ ਕਰੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਪਾਕਿਸਤਾਨੀ ਵਫ਼ਦ ਦੀ ਅਗਵਾਈ ਸੰਘੀ ਮੰਤਰੀ ਡਾ. ਮੁਸਾਦਿਕ ਮਸੂਦ ਮਲਿਕ ਕਰਨਗੇ।
ਇਹ ਅੰਤਰਰਾਸ਼ਟਰੀ ਮੰਚ 20 ਤੋਂ 22 ਨਵੰਬਰ 2026 ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਡਾ. ਮਲਿਕ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਤਾਲਮੇਲ ਬਾਰੇ ਸੰਘੀ ਮੰਤਰੀ ਹਨ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਮੁਤਾਬਕ, ਪਾਕਿਸਤਾਨ ਦਾ ਵਫ਼ਦ ਮੰਚ ਦੌਰਾਨ ਹੋਣ ਵਾਲੇ ਵੱਖ-ਵੱਖ ਵਿਸ਼ਾ-ਅਧਾਰਿਤ ਸੈਸ਼ਨਾਂ ਵਿੱਚ ਹਿੱਸਾ ਲਵੇਗਾ। ਇਸ ਤੋਂ ਇਲਾਵਾ ਵਫ਼ਦ ਵੱਲੋਂ ਮੰਚ ਦੇ ਨਾਲ-ਨਾਲ SCO ਦੇ ਹੋਰਨਾਂ ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦੇ ਮੱਦੇਨਜ਼ਰ ਇਸ ਸਮਾਗਮ ਵਿੱਚ ਪਾਕਿਸਤਾਨੀ ਵਫ਼ਦ ਦੀ ਸ਼ਮੂਲੀਅਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਹੁਣ ਨਜ਼ਰਾਂ ਇਸ ਗੱਲ ’ਤੇ ਰਹਿਣਗੀਆਂ ਕਿ ਇਸ ਮੰਚ ਦੌਰਾਨ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਕੋਈ ਗੱਲਬਾਤ ਹੁੰਦੀ ਹੈ ਜਾਂ ਨਹੀਂ।





