ਵੱਡੀ ਖ਼ਬਰ: ਚੰਡੀਗੜ੍ਹ MC ਚੋਣਾਂ ਲਈ AAP ਨੇ ਖਿੱਚੀ ਤਿਆਰੀ: 14 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਬਣਾਈ, ਜੇ.ਡੀ. ਘਈ ਨੂੰ ਸੌਂਪੀ ਕਮਾਨ

Top Trending News ਚੰਡੀਗੜ੍ਹ

 

ਵੱਡੀ ਖ਼ਬਰ: ਚੰਡੀਗੜ੍ਹ MC ਚੋਣਾਂ ਲਈ AAP ਨੇ ਖਿੱਚੀ ਤਿਆਰੀ: 14 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਬਣਾਈ, ਜੇ.ਡੀ. ਘਈ ਨੂੰ ਸੌਂਪੀ ਕਮਾਨ

ਚੰਡੀਗੜ੍ਹ, 19 ਨਵੰਬਰ 2026: ਆਗਾਮੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਚੋਣਾਂ ਦੌਰਾਨ ਸ਼ਹਿਰ ਵਾਸੀਆਂ ਸਾਹਮਣੇ ਲੋਕ ਪੱਖੀ ਏਜੰਡਾ ਪੇਸ਼ ਕਰਨ ਅਤੇ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਪਾਰਟੀ ਦੀ ਚੰਡੀਗੜ੍ਹ ਇਕਾਈ ਵੱਲੋਂ 14 ਮੈਂਬਰੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ।

May be an image of text

ਇਸ ਕਮੇਟੀ ਦੀ ਅਗਵਾਈ ਪਾਰਟੀ ਦੇ ਖ਼ਜ਼ਾਨਚੀ ਜੇ.ਡੀ. ਘਈ ਕਰਨਗੇ, ਜਿਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ, ਸੂਬਾ ਪ੍ਰਧਾਨ ਵਿਜੇ ਪਾਲ ਸਿੰਘ ਅਤੇ ਜਨਰਲ ਸਕੱਤਰ ਓਮਕਾਰ ਸਿੰਘ ਔਲਖ ਵੱਲੋਂ ਸਾਂਝੇ ਤੌਰ ’ਤੇ ਜਾਰੀ ਅਧਿਕਾਰਤ ਪੱਤਰ ਰਾਹੀਂ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ।

ਪਾਰਟੀ ਅਨੁਸਾਰ ਕਮੇਟੀ ਦਾ ਮੁੱਖ ਉਦੇਸ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ, ਬੁਨਿਆਦੀ ਸਹੂਲਤਾਂ ਦੀਆਂ ਲੋੜਾਂ ਅਤੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਚੋਣ ਮਨੋਰਥ ਪੱਤਰ ਵਿੱਚ ਜਗ੍ਹਾ ਦੇਣਾ ਹੈ।

ਕਮੇਟੀ ਵਿੱਚ ਸਾਬਕਾ ਮੇਅਰ ਐਡਵੋਕੇਟ ਅਨੂ ਚਤਰਥ, ਜਗਪਾਲ ਸਿੰਘ ਜੱਗਾ, ਐਡਵੋਕੇਟ ਗੌਰਵ, ਕੌਸ਼ਲ ਸਿੰਘ, ਪੀ.ਪੀ. ਘਈ, ਐਡਵੋਕੇਟ ਦੇਵਕ ਸੋਨੀ, ਐਡਵੋਕੇਟ ਪੁਨੀਤ ਛਾਬੜਾ, ਸਾਹਿਲ ਦੂਬੇ, ਐਡਵੋਕੇਟ ਰਵੀ ਮਨੀ, ਰਵੀ ਸਿੰਘ, ਵਿਕਰਾਂਤ ਤੰਵਰ, ਐਡਵੋਕੇਟ ਰਿੰਕੂ ਬਹਾਦੁਰੀ ਅਤੇ ਕਮਲਪ੍ਰੀਤ ਜੱਜ ਨੂੰ ਮੈਂਬਰ ਬਣਾਇਆ ਗਿਆ ਹੈ।

ਪਾਰਟੀ ਦੀ ਯੋਜਨਾ ਅਨੁਸਾਰ ਕਮੇਟੀ ਦੇ ਮੈਂਬਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਇਕੱਤਰ ਕਰਨਗੇ। ਇਨ੍ਹਾਂ ਸੁਝਾਵਾਂ ਦੇ ਆਧਾਰ ’ਤੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ। ਇਸ ਕਦਮ ਨੂੰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ‘ਆਪ’ ਵੱਲੋਂ ਜਥੇਬੰਦਕ ਅਤੇ ਚੋਣ ਤਿਆਰੀਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।