- ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ, 7 ਦਿਨਾਂ ’ਚ ਸੋਨਾ 12 ਹਜ਼ਾਰ ਤੇ ਚਾਂਦੀ 24 ਹਜ਼ਾਰ ਰੁਪਏ ਸਸਤੀ
ਨਵੀਂ ਦਿੱਲੀ, 19 ਨਵੰਬਰ (ਦੇਸ਼ ਕਲਿੱਕ ਬਿਊਰੋ): ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੇ ਭਾਅ ਲਗਾਤਾਰ ਹੇਠਾਂ ਆ ਰਹੇ ਹਨ। ਪਿਛਲੇ 7 ਕਾਰੋਬਾਰੀ ਦਿਨਾਂ ਦੌਰਾਨ ਸੋਨਾ ਕਰੀਬ 12 ਹਜ਼ਾਰ ਰੁਪਏ ਅਤੇ ਚਾਂਦੀ ਲਗਭਗ 24 ਹਜ਼ਾਰ ਰੁਪਏ ਸਸਤੀ ਹੋ ਚੁੱਕੀ ਹੈ। ਇੰਡੀਅਨ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅੰਕੜਿਆਂ ਮੁਤਾਬਕ, ਵੀਰਵਾਰ ਨੂੰ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਵਿੱਚ 1,179 ਰੁਪਏ ਦੀ ਕਮੀ ਆਈ, ਜਿਸ ਨਾਲ ਭਾਅ 1.30 ਲੱਖ ਰੁਪਏ ਤੋਂ ਹੇਠਾਂ ਪਹੁੰਚ ਗਿਆ। ਇਸੇ ਤਰ੍ਹਾਂ ਇੱਕ ਕਿਲੋ ਚਾਂਦੀ ਦੀ ਕੀਮਤ 2,158 ਰੁਪਏ ਘਟ ਕੇ 1.62 ਲੱਖ ਰੁਪਏ ਰਹਿ ਗਈ।
ਬਾਜ਼ਾਰ ਮਾਹਿਰਾਂ ਮੁਤਾਬਕ, ਕੌਮਾਂਤਰੀ ਪੱਧਰ ’ਤੇ ਡਾਲਰ ਦੀ ਮਜ਼ਬੂਤੀ ਅਤੇ ਵੱਡੇ ਨਿਵੇਸ਼ਕਾਂ ਵੱਲੋਂ ਉੱਚੀਆਂ ਕੀਮਤਾਂ ’ਤੇ ਸੋਨਾ-ਚਾਂਦੀ ਵੇਚ ਕੇ ਮੁਨਾਫ਼ਾ ਕਮਾਉਣ ਕਾਰਨ ਕੀਮਤੀ ਧਾਤਾਂ ਦੇ ਭਾਅ ਵਿੱਚ ਗਿਰਾਵਟ ਆ ਰਹੀ ਹੈ।
ਇਸ ਸਾਲ ਦੋਵਾਂ ਧਾਤਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। 31 ਦਸੰਬਰ 2025 ਨੂੰ ਚਾਂਦੀ ਦੀ ਕੀਮਤ 2.30 ਲੱਖ ਰੁਪਏ ਪ੍ਰਤੀ ਕਿਲੋ ਸੀ, ਜੋ 29 ਜਨਵਰੀ ਨੂੰ ਵਧ ਕੇ 3.80 ਲੱਖ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਚਾਂਦੀ ਦੀ ਕੀਮਤ ਵਿੱਚ ਕਰੀਬ 2.18 ਲੱਖ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ 31 ਦਸੰਬਰ 2025 ਨੂੰ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 1.33 ਲੱਖ ਰੁਪਏ ਸੀ, ਜੋ 29 ਜਨਵਰੀ ਨੂੰ ਵਧ ਕੇ 1.76 ਲੱਖ ਰੁਪਏ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਹੁਣ ਇਸ ਰਿਕਾਰਡ ਪੱਧਰ ਤੋਂ ਸੋਨੇ ਦੀ ਕੀਮਤ ਵਿੱਚ ਕਰੀਬ 46 ਹਜ਼ਾਰ ਰੁਪਏ ਦੀ ਗਿਰਾਵਟ ਆ ਚੁੱਕੀ ਹੈ।





