- ਮੋਹਾਲੀ ਦੀ ਅਦਾਲਤ ਨੇ ਨਾਬਾਲਗ ਨਾਲ ਜਬਰ-ਜਨਾਹ ਮਾਮਲੇ ’ਚ ਦੋਸ਼ੀ ਨੂੰ 20 ਸਾਲ ਦੀ ਸੁਣਾਈ ਕੈਦ
ਨਵੀਂ ਦਿੱਲੀ: ; 26 ਨਵੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਬਲੈਕਮੇਲ ਕਰਨ ਅਤੇ ਉਸ ਨਾਲ ਵਾਰ-ਵਾਰ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਨੂੰ 20 ਸਾਲ ਦੀ ਕੈਦ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਵਿਸ਼ੇਸ਼ ਜੱਜ ਦੀ ਅਦਾਲਤ ਨੇ ਬਿਹਾਰ ਵਾਸੀ ਸੌਰਵ ਸੋਨੀ ਨੂੰ ਪੋਕਸੋ ਐਕਟ ਦੀ ਧਾਰਾ 6 ਤਹਿਤ ਦੋਸ਼ੀ ਕਰਾਰ ਦਿੰਦਿਆਂ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਇਸ ਤੋਂ ਇਲਾਵਾ ਧਾਰਾ 351(3) ਤਹਿਤ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਪੱਖ ਵੱਲੋਂ ਉਪ ਜ਼ਿਲ੍ਹਾ ਅਟਾਰਨੀ ਹਰਦੀਪ ਸਿੰਘ ਰੁਮਾਣਾ ਨੇ ਪੈਰਵੀ ਕੀਤੀ।
ਲੜਕੀ ਦੀ ਵੀਡੀਓ ਵਾਇਰਲ ਕਰਨ ਦੀ ਦਿੱਤੀ ਸੀ ਧਮਕੀ
ਮਾਮਲੇ ਵਿੱਚ 17 ਨਵੰਬਰ 2025 ਨੂੰ ਪੀੜਤਾ ਅਤੇ ਉਸ ਦੇ ਪਿਤਾ ਨੇ ਮੁਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਲੜਕੀ ਦੀ ਉਮਰ ਕਰੀਬ 17 ਸਾਲ ਸੀ ਅਤੇ ਉਹ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਸ਼ਿਕਾਇਤ ਮੁਤਾਬਕ, 5 ਅਕਤੂਬਰ 2025 ਨੂੰ ਪੀੜਤਾ ਦੇ ਪਿਤਾ ਦੇ ਮੋਬਾਈਲ ’ਤੇ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਸ ਕੋਲ ਉਨ੍ਹਾਂ ਦੀ ਧੀ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਹਨ, ਜਿਨ੍ਹਾਂ ਨੂੰ ਉਹ 17 ਤਾਰੀਖ਼ ਨੂੰ ਵਾਇਰਲ ਕਰ ਦੇਵੇਗਾ। ਉਸ ਨੇ ਪਿਤਾ ਅਤੇ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਗੁਆਂਢੀ ਦੇ ਘਰ ਰਹਿਣ ਆਇਆ ਸੀ ਮੁਲਜ਼ਮ
ਪੀੜਤਾ ਨੇ ਪਿਤਾ ਨੂੰ ਦੱਸਿਆ ਕਿ ਸਾਲ 2023 ਵਿੱਚ ਸੌਰਵ ਨਾਂ ਦਾ ਨੌਜਵਾਨ ਉਨ੍ਹਾਂ ਦੇ ਗੁਆਂਢੀ ਦੇ ਘਰ ਰਹਿਣ ਆਇਆ ਸੀ। ਦਸੰਬਰ 2023 ਵਿੱਚ ਦੋਵਾਂ ਦੀ ਦੋਸਤੀ ਹੋ ਗਈ ਅਤੇ ਮੁਲਜ਼ਮ ਅਕਸਰ ਘਰ ਦੀ ਛੱਤ ’ਤੇ ਉਸ ਨੂੰ ਮਿਲਣ ਆਉਂਦਾ ਸੀ। ਪੀੜਤਾ ਦੇ ਬਿਆਨ ਅਨੁਸਾਰ, ਮਾਰਚ 2024 ਵਿੱਚ ਮੁਲਜ਼ਮ ਨੇ ਛੱਤ ’ਤੇ ਉਸ ਨੂੰ ਕੋਲਡ ਡਰਿੰਕ ਪਿਲਾਈ, ਜਿਸ ਤੋਂ ਬਾਅਦ ਉਹ ਬੇਹੋਸ਼ੀ ਵਰਗੀ ਹਾਲਤ ਵਿੱਚ ਚਲੀ ਗਈ। ਦੋਸ਼ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਵੀਡੀਓ ਵੀ ਬਣਾ ਲਈ।
ਧਮਕੀਆਂ ਕਾਰਨ ਲੰਮੇ ਸਮੇਂ ਤੱਕ ਚੁੱਪ ਰਹੀ ਲੜਕੀ
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਅਸ਼ਲੀਲ ਵੀਡੀਓ ਦਿਖਾ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ ਅਤੇ ਵਾਰ-ਵਾਰ ਉਸ ਨਾਲ ਜਬਰ-ਜਨਾਹ ਕਰਦਾ ਸੀ। ਉਹ ਹਰ ਵਾਰ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਮੋਬਾਈਲ ਵਿੱਚ ਸੰਭਾਲ ਲੈਂਦਾ ਸੀ। ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ। ਇਸ ਡਰ ਕਾਰਨ ਲੜਕੀ ਲੰਮੇ ਸਮੇਂ ਤੱਕ ਚੁੱਪ ਰਹੀ। ਬਾਅਦ ਵਿੱਚ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ।
ਇਨ੍ਹਾਂ ਧਾਰਾਵਾਂ ਤਹਿਤ ਦਰਜ ਹੋਇਆ ਸੀ ਕੇਸ
ਮੁਹਾਲੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 64, 351(2), 351(3), 238, ਪੋਕਸੋ ਐਕਟ ਅਤੇ ਆਈਟੀ ਐਕਟ ਦੀ ਧਾਰਾ 67B ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।





