- ਰੇਤ ਨਾਲ ਭਰਿਆ ਓਵਰਲੋਡ ਟਿੱਪਰ 5 ਗੱਡੀਆਂ ਨਾਲ ਟਕਰਾ ਕੇ ਕਾਰ ’ਤੇ ਪਲਟਿਆ, 3 ਦੀ ਮੌਤ
ਰੂਪਨਗਰ: 26 ਨਵੰਬਰ (ਦੇਸ਼ ਕਲਿੱਕ ਬਿਊਰੋ): ਕੀਰਤਪੁਰ-ਮਨਾਲੀ ਕੌਮੀ ਮਾਰਗ ’ਤੇ ਵੀਰਵਾਰ ਦੁਪਹਿਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਭਰਤਗੜ੍ਹ ਨੇੜੇ ਸਰਸਾ ਨੰਗਲ ਵਿਖੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਬੇਕਾਬੂ ਹੋ ਕੇ ਪਹਿਲਾਂ ਪੰਜ ਵਾਹਨਾਂ ਨਾਲ ਟਕਰਾਇਆ ਅਤੇ ਫਿਰ ਦਿੱਲੀ ਨੰਬਰ ਦੀ ਬਲੇਨੋ ਕਾਰ ਉੱਤੇ ਪਲਟ ਗਿਆ। ਟਿੱਪਰ ਹੇਠਾਂ ਕਾਰ ਬੁਰੀ ਤਰ੍ਹਾਂ ਦੱਬ ਜਾਣ ਕਾਰਨ ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਹਾਦਸਾ ਦੁਪਹਿਰ ਕਰੀਬ 2 ਵਜੇ ਚੜ੍ਹਾਈ ਵਾਲੇ ਰਸਤੇ ’ਤੇ ਵਾਪਰਿਆ। ਟਿੱਪਰ ਹੇਠਾਂ ਦੱਬੀ ਕਾਰ ਇੰਨੀ ਬੁਰੀ ਤਰ੍ਹਾਂ ਪਿਚਕ ਗਈ ਕਿ ਉਸ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ। ਇਸ ਤੋਂ ਇਲਾਵਾ ਦੋ ਤੋਂ ਤਿੰਨ ਹੋਰ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚ ਗਈ। ਟਿੱਪਰ ਹੇਠਾਂ ਫਸੀ ਕਾਰ ਨੂੰ ਕੱਢਣ ਲਈ ਜੇਸੀਬੀ ਮਸ਼ੀਨ ਬੁਲਾਈ ਗਈ। ਹਾਦਸੇ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਦੱਸਿਆ ਜਾ ਰਿਹਾ ਹੈ ਕਿ ਬਲੇਨੋ ਕਾਰ ਵਿੱਚ ਸਵਾਰ ਲੋਕ ਮਨਾਲੀ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ।
ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਜਾ ਰਿਹਾ ਸੀ ਟਿੱਪਰ
ਥਾਣਾ ਕੀਰਤਪੁਰ ਸਾਹਿਬ ਦੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਰੇਤ ਨਾਲ ਭਰਿਆ ਟਿੱਪਰ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਵੱਲ ਜਾ ਰਿਹਾ ਸੀ। ਚੜ੍ਹਾਈ ਦੌਰਾਨ ਟਿੱਪਰ ਬੇਕਾਬੂ ਹੋ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਮੁਤਾਬਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗੌਰਵ ਰਾਣਾ ਬੋਲੇ- ਇਹ ਹਾਦਸਾ ਨਹੀਂ, ਕਤਲ ਹੈ
ਪੰਜਾਬ ਮੋਰਚਾ ਦੇ ਕਨਵੀਨਰ ਅਤੇ ਰੂਪਨਗਰ ਦੇ ਆਗੂ ਗੌਰਵ ਰਾਣਾ ਨੇ ਹਾਦਸੇ ਲਈ ਇਲਾਕੇ ਵਿੱਚ ਚੱਲ ਰਹੀ ਓਵਰਲੋਡ ਟਿੱਪਰਾਂ ਦੀ ਆਵਾਜਾਈ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਹਜ਼ਾਰਾਂ ਟਿੱਪਰ ਸੜਕਾਂ ’ਤੇ ਬਿਨਾਂ ਰੋਕ-ਟੋਕ ਦੌੜ ਰਹੇ ਹਨ, ਜਿਸ ਕਾਰਨ ਆਮ ਲੋਕਾਂ ਲਈ ਸੁਰੱਖਿਅਤ ਸਫ਼ਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਵਿੱਚ ਖਣਨ ਲਈ ਸਿਰਫ਼ ਦੋ ਖੱਡਾਂ ਨੂੰ ਮਨਜ਼ੂਰੀ ਮਿਲੀ ਹੋਈ ਹੈ, ਪਰ ਹਜ਼ਾਰਾਂ ਟਿੱਪਰਾਂ ਰਾਹੀਂ ਖਣਨ ਸਮੱਗਰੀ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਕਾਰੋਬਾਰ ਨੂੰ ਵੱਡਾ ਗੈਰ-ਕਾਨੂੰਨੀ ਧੰਦਾ ਦੱਸਦਿਆਂ ਸਰਕਾਰ ’ਤੇ ਲਾਪਰਵਾਹੀ ਦੇ ਦੋਸ਼ ਲਗਾਏ। ਗੌਰਵ ਰਾਣਾ ਨੇ ਕਿਹਾ ਕਿ ਸਰਕਾਰੀ ਅਣਗਹਿਲੀ ਕਾਰਨ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਹਨ ਅਤੇ ਇਸ ਘਟਨਾ ਨੂੰ ਸਿਰਫ਼ ਹਾਦਸਾ ਨਹੀਂ, ਸਗੋਂ ਕਤਲ ਮੰਨਿਆ ਜਾਣਾ ਚਾਹੀਦਾ ਹੈ।





