ਕਾਹਿਰਾ ’ਚ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੂੰ ਅੱਗ ਲੱਗਣ ਕਾਰਨ 30 ਮੌਤਾਂ; 25 ਤੋਂ ਵੱਧ ਵਾਹਨ ਸੜ ਕੇ ਸੁਆਹ
ਕਾਹਿਰਾ, 26 ਨਵੰਬਰ: ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਵੱਡੀ ਤਬਾਹੀ ਮਚਾ ਦਿੱਤੀ। ਇੱਥੇ ਈਂਧਨ ਨਾਲ ਭਰਿਆ ਇੱਕ ਟੈਂਕਰ ਸੜਕ ਵਿਚਕਾਰ ਪਲਟ ਗਿਆ, ਜਿਸ ਤੋਂ ਬਾਅਦ ਉਸ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਕਾਹਿਰਾ ਨੂੰ ਚਾਰੋਂ ਪਾਸਿਓਂ ਘੇਰਨ ਵਾਲੇ ਰਿੰਗ ਰੋਡ ’ਤੇ ਵਾਪਰਿਆ। ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਨੇ ਤੇਜ਼ੀ ਨਾਲ ਆਲੇ-ਦੁਆਲੇ ਲੰਘ ਰਹੀਆਂ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ 25 ਤੋਂ ਵੱਧ ਵਾਹਨ ਸੜ ਕੇ ਸੁਆਹ ਹੋ ਗਏ।
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਲਪਟਾਂ ਅਤੇ ਵਾਹਨਾਂ ਦੇ ਸੜਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਦਰਦਨਾਕ ਹਾਦਸੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।





