ਸੰਵਿਧਾਨ ਦਿਵਸ ਮੌਕੇ ਅੱਜ ਦਿੱਲੀ ’ਚ ਭਾਜਪਾ ਵੱਲੋਂ ‘ਸੰਵਿਧਾਨ ਗੌਰਵ ਦਿਵਸ’ ਸਮਾਗਮ, ਅਮਿਤ ਸ਼ਾਹ ਹੋਣਗੇ ਮੁੱਖ ਮਹਿਮਾਨ
ਨਵੀਂ ਦਿੱਲੀ, 26 ਨਵੰਬਰ 2026: ਦੇਸ਼ ਭਰ ਵਿੱਚ ਅੱਜ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਰਾਜਧਾਨੀ ਨਵੀਂ ਦਿੱਲੀ ਵਿਖੇ ਵਿਸ਼ੇਸ਼ ‘ਸੰਵਿਧਾਨ ਗੌਰਵ ਦਿਵਸ’ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
ਸਮਾਗਮ ਦੌਰਾਨ ਅਮਿਤ ਸ਼ਾਹ ਸੰਵਿਧਾਨ ਦੀ ਮਹੱਤਤਾ, ਇਸ ਦੇ ਨਿਰਮਾਣ ਪਿੱਛੇ ਰਹੇ ਮਹਾਨ ਵਿਅਕਤੀਆਂ ਦੇ ਯੋਗਦਾਨ ਅਤੇ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਸੰਵਿਧਾਨ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਭਾਜਪਾ ਵੱਲੋਂ ਇਸ ਸਮਾਗਮ ਨੂੰ ਸੰਵਿਧਾਨ ਪ੍ਰਤੀ ਸਨਮਾਨ ਅਤੇ ਲੋਕਾਂ ਵਿੱਚ ਇਸ ਦੀਆਂ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਸਭਾ ਵੱਲੋਂ ਦੇਸ਼ ਦੇ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਇਸੇ ਇਤਿਹਾਸਕ ਦਿਨ ਦੀ ਯਾਦ ਵਿੱਚ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ।





