ਇੰਡੋਨੇਸ਼ੀਆ ’ਚ ਸੋਨੇ ਦੀ ਗੈਰ-ਕਾਨੂੰਨੀ ਖਾਣ ’ਚ ਵੱਡਾ ਹਾਦਸਾ, 26 ਮਜ਼ਦੂਰ ਫਸੇ
ਇੰਡੋਨੇਸ਼ੀਆ 26 ਨਵੰਬਰ 2026- ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਇੱਕ ਗੈਰ-ਕਾਨੂੰਨੀ ਸੋਨੇ ਦੀ ਖਾਣ ਵਿੱਚ ਭਾਰੀ ਮੀਂਹ ਕਾਰਨ ਵੱਡਾ ਹਾਦਸਾ ਵਾਪਰ ਗਿਆ। ਬੋਗੋਰ ਜ਼ਿਲ੍ਹੇ ਵਿੱਚ ਲਗਾਤਾਰ ਪਏ ਮੋਹਲੇਧਾਰ ਮੀਂਹ ਤੋਂ ਬਾਅਦ ਨੇੜਲੀ ਨਦੀ ਦਾ ਪਾਣੀ ਖਾਣ ਅੰਦਰ ਦਾਖ਼ਲ ਹੋ ਗਿਆ, ਜਿਸ ਕਾਰਨ ਘੱਟੋ-ਘੱਟ 26 ਮਜ਼ਦੂਰ ਅੰਦਰ ਹੀ ਫਸ ਗਏ।
ਅਧਿਕਾਰੀਆਂ ਮੁਤਾਬਕ ਇਹ ਮਜ਼ਦੂਰ ਜ਼ਮੀਨ ਤੋਂ ਕਰੀਬ 100 ਮੀਟਰ ਹੇਠਾਂ ਕੰਮ ਕਰ ਰਹੇ ਸਨ, ਜਦੋਂ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਦੇ ਬਾਹਰ ਨਿਕਲਣ ਦੇ ਰਸਤੇ ਬੰਦ ਹੋ ਗਏ। ਹਾਦਸੇ ਦੌਰਾਨ 11 ਮਜ਼ਦੂਰਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹਨ।
ਲਗਾਤਾਰ ਖਰਾਬ ਮੌਸਮ, ਹਨੇਰੇ ਅਤੇ ਖਾਣ ਅੰਦਰ ਫਿਸਲਣ ਭਰੀ ਸਥਿਤੀ ਕਾਰਨ ਰਾਹਤ ਟੀਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਕਰਮਚਾਰੀ ਫਸੇ ਹੋਏ ਮਜ਼ਦੂਰਾਂ ਤੱਕ ਪਹੁੰਚਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੂਰੇ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।





