BREAKING- ਰੋਹਤਕ ’ਚ ਖੂਨੀ ਗੈਂਗਵਾਰ ਦੌਰਾਨ ਚਾਰ ਨੌਜਵਾਨਾਂ ਦੀ ਮੌਤ

Top Trending News ਰਾਸ਼ਟਰੀ

 

ਰੋਹਤਕ ’ਚ ਖੂਨੀ ਗੈਂਗਵਾਰ: ਢਾਬੇ ’ਤੇ ਅੰਨ੍ਹੇਵਾਹ ਫਾਇਰਿੰਗ, ਚਾਰ ਨੌਜਵਾਨਾਂ ਦੀ ਮੌਤ

ਪੁਲਿਸ ਚੌਕੀ ਤੋਂ ਮਹਿਜ਼ 50 ਕਦਮ ਦੂਰ ਵਾਰਦਾਤ; ਤਿੰਨ ਨੌਜਵਾਨਾਂ ਨੇ ਮੌਕੇ ’ਤੇ ਤੋੜਿਆ ਦਮ, ਚੌਥੇ ਦਾ ਪਿੱਛਾ ਕਰਕੇ ਕੀਤਾ ਕਤਲ

ਰੋਹਤਕ, 26 ਨਵੰਬਰ 2026: ਹਰਿਆਣਾ ਦੇ ਰੋਹਤਕ ਵਿੱਚ ਵੀਰਵਾਰ ਸਵੇਰੇ ਖੂਨੀ ਗੈਂਗਵਾਰ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਮਿਲਨ ਢਾਬੇ ’ਤੇ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤ ਖਰਾਵੜ ਪੁਲਿਸ ਚੌਕੀ ਤੋਂ ਮਹਿਜ਼ 50 ਕਦਮ ਦੀ ਦੂਰੀ ’ਤੇ ਵਾਪਰੀ।

ਮੁੱਢਲੀ ਜਾਣਕਾਰੀ ਅਨੁਸਾਰ, ਹਮਲਾਵਰਾਂ ਨੇ ਢਾਬੇ ’ਤੇ ਮੌਜੂਦ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਫਾਇਰਿੰਗ ਕੀਤੀ, ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਨੌਜਵਾਨ ਦਾ ਪਿੱਛਾ ਕਰਕੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।

ਮ੍ਰਿਤਕਾਂ ਦੀ ਪਛਾਣ ਰਿੰਕੂ ਪੁੱਤਰ ਜਗਬੀਰ ਵਾਸੀ ਡਿਘਲ, ਵਿਨੀਤ ਪੁੱਤਰ ਜੈਬੀਰ ਵਾਸੀ ਡਿਘਲ, ਗੰਜੂ ਵਾਸੀ ਡਿਘਲ ਅਤੇ ਹਿਮਾਂਸ਼ੂ ਪੁੱਤਰ ਰਾਜਬੀਰ ਵਾਸੀ ਬੇਰੀ ਵਜੋਂ ਹੋਈ ਹੈ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨੇ ਪੁਲਿਸ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।