ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਤੇਜ਼, 7 ਹਜ਼ਾਰ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਸ਼ੱਕ ਦੇ ਘੇਰੇ ’ਚ

Top Trending News ਕੌਮਾਂਤਰੀ
  • ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਤੇਜ਼, 7 ਹਜ਼ਾਰ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਸ਼ੱਕ ਦੇ ਘੇਰੇ ’ਚ

ਨਵੀਂ ਦਿੱਲੀ: 26 ਨਵੰਬਰ (ਦੇਸ਼ ਕਲਿੱਕ ਬਿਊਰੋ): ਹਵਾਈ ਅੱਡਿਆਂ ’ਤੇ ਤਾਇਨਾਤ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ ਯਾਤਰੀਆਂ ਦੇ ਸਾਮਾਨ ਦੇ ਟੈਗ ਬਦਲ ਕੇ ਨਸ਼ੇ ਅਤੇ ਹੋਰ ਗ਼ੈਰ-ਕਾਨੂੰਨੀ ਚੀਜ਼ਾਂ ਦੀ ਤਸਕਰੀ ਕੀਤੇ ਜਾਣ ਦੇ ਮਾਮਲਿਆਂ ਨੇ ਕੈਨੇਡਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਹਵਾਈ ਅੱਡਿਆਂ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਦੌਰਾਨ ਕਰੀਬ 7,000 ਕਾਮਿਆਂ ਦੇ ਰਿਕਾਰਡ ਵਿੱਚ ਕੁਝ ਨਾ ਕੁਝ ਇਤਰਾਜ਼ਯੋਗ ਸਾਹਮਣੇ ਆਇਆ ਹੈ। ਹਾਲਾਂਕਿ, ਇਸ ਰਿਕਾਰਡ ਵਿੱਚ ਗੰਭੀਰ ਅਪਰਾਧਾਂ ਦੇ ਨਾਲ-ਨਾਲ ਵੱਡੀਆਂ ਟਰੈਫਿਕ ਉਲੰਘਣਾਵਾਂ ਵਰਗੇ ਮਾਮਲੇ ਵੀ ਸ਼ਾਮਲ ਹਨ। ਮੰਤਰੀ ਅਨੁਸਾਰ ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਮਾਮਲਿਆਂ ਵਿੱਚ ਗਲਤੀਆਂ ਅਣਜਾਣੇ ਵਿੱਚ ਹੋਈਆਂ ਅਤੇ ਕਿੱਥੇ ਜਾਣਬੁੱਝ ਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਵਾਈ ਯਾਤਰੀਆਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।

ਸੋਨੇ ਦੀ ਵੱਡੀ ਖੇਪ ਚੋਰੀ ਹੋਣ ਦਾ ਮਾਮਲਾ ਵੀ ਚਰਚਾ ’ਚ
ਕੈਨੇਡਾ ਦੇ ਹਵਾਈ ਅੱਡਿਆਂ ’ਤੇ ਪਹਿਲਾਂ ਵਾਪਰੀਆਂ ਘਟਨਾਵਾਂ ਵੀ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦੀਆਂ ਰਹੀਆਂ ਹਨ। ਤਿੰਨ ਸਾਲ ਪਹਿਲਾਂ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਪਹੁੰਚੇ ਕਰੋੜਾਂ ਰੁਪਏ ਦੇ ਸੋਨੇ ਦੀ ਖੇਪ ਫ਼ਰਜ਼ੀ ਬਿਲਟੀ ਦੀ ਵਰਤੋਂ ਕਰਕੇ ਹਾਸਲ ਕਰ ਲਈ ਗਈ ਸੀ। ਇਸ ਮਾਮਲੇ ਵਿੱਚ ਏਅਰ ਕੈਨੇਡਾ ਦੇ ਇੱਕ ਮੈਨੇਜਰ, ਜੋ ਭਾਰਤੀ ਮੂਲ ਦਾ ਦੱਸਿਆ ਗਿਆ ਸੀ, ’ਤੇ ਦੋਸ਼ ਲੱਗੇ ਸਨ। ਹਾਲਾਂਕਿ, ਚੋਰੀ ਹੋਏ ਸੋਨੇ ਜਾਂ ਇਸ ਦੀ ਵਿਕਰੀ ਤੋਂ ਮਿਲੀ ਰਕਮ ਵਿੱਚੋਂ ਪੁਲਿਸ ਦੋ ਫ਼ੀਸਦੀ ਹਿੱਸਾ ਵੀ ਬਰਾਮਦ ਨਹੀਂ ਕਰ ਸਕੀ।

ਸੂਟਕੇਸਾਂ ਦੇ ਟੈਗ ਬਦਲਣ ਕਾਰਨ ਆਮ ਯਾਤਰੀ ਵੀ ਮੁਸ਼ਕਲ ’ਚ
ਪਿਛਲੇ ਮਹੀਨੇ ਸਾਹਮਣੇ ਆਏ ਇੱਕ ਹੋਰ ਮਾਮਲੇ ਵਿੱਚ ਦੋਸ਼ ਲੱਗੇ ਸਨ ਕਿ ਹਵਾਈ ਅੱਡੇ ਦੇ ਕੁਝ ਮੁਲਾਜ਼ਮਾਂ ਨੇ ਆਮ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਤਸਕਰਾਂ ਦੇ ਸਾਮਾਨ ਨਾਲ ਬਦਲ ਦਿੱਤੇ, ਜਿਸ ਰਾਹੀਂ ਨਸ਼ਿਆਂ ਵਾਲੇ ਸੂਟਕੇਸ ਬਾਹਰ ਕਢਵਾਏ ਗਏ। ਇਸ ਕਾਰਵਾਈ ਦਾ ਅਸਰ ਉਨ੍ਹਾਂ ਬੇਕਸੂਰ ਯਾਤਰੀਆਂ ’ਤੇ ਵੀ ਪਿਆ, ਜਿਨ੍ਹਾਂ ਦੇ ਸਾਮਾਨ ’ਤੇ ਗ਼ਲਤ ਟੈਗ ਲੱਗ ਗਏ ਸਨ ਅਤੇ ਜਿਨ੍ਹਾਂ ਨੂੰ ਬਾਅਦ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਘਟਨਾ ਦਾ ਮੁੱਦਾ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਸੰਸਦ ਤੱਕ ਵੀ ਪਹੁੰਚਿਆ ਸੀ। ਲਗਾਤਾਰ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਨੇ ਹਵਾਈ ਅੱਡਿਆਂ ਦੇ ਅੰਦਰੂਨੀ ਸੁਰੱਖਿਆ ਪ੍ਰਬੰਧਾਂ ਅਤੇ ਮੁਲਾਜ਼ਮਾਂ ਦੀ ਜਵਾਬਦੇਹੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।