ਸ਼ੇਖ ਹਸੀਨਾ ਦੀ ਬੰਗਲਾਦੇਸ਼ ਵਾਪਸੀ ਤੋਂ ਪਹਿਲਾਂ ਤਾਰਿਕ ਰਹਿਮਾਨ ਸਰਕਾਰ ਨੂੰ ਸਖ਼ਤ ਚਿਤਾਵਨੀ
ਨਵੀਂ ਦਿੱਲੀ, 27 ਨਵੰਬਰ 2026-
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ 16 ਦਸੰਬਰ 2026 ਨੂੰ ਵਿਜੇ ਦਿਵਸ ਮੌਕੇ ਦੇਸ਼ ਵਾਪਸੀ ਦੀ ਚਰਚਾ ਦਰਮਿਆਨ ਅਮਰੀਕਾ ਦੇ ਰੱਖਿਆ ਵਿਭਾਗ (ਪੈਂਟਾਗਨ) ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਬੰਗਲਾਦੇਸ਼ ਦੀ ਤਾਰਿਕ ਰਹਿਮਾਨ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਸ਼ੇਖ ਹਸੀਨਾ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਤਾਰਿਕ ਰਹਿਮਾਨ ਸਰਕਾਰ ਦੀ ਹੋਵੇਗੀ।
ਨਿਊਯਾਰਕ ਵਿੱਚ ਬੰਗਲਾਦੇਸ਼ ਦੇ ਭਵਿੱਖ ਬਾਰੇ ਕਰਵਾਏ ਗਏ ਇੱਕ ਵਿਚਾਰ-ਚਰਚਾ ਸਮਾਗਮ ਦੌਰਾਨ ਰੂਬਿਨ ਨੇ ਕਿਹਾ ਕਿ ਜੇਕਰ ਸ਼ੇਖ ਹਸੀਨਾ ਦੇ ਸਿਰ ਦਾ ਇੱਕ ਵਾਲ ਵੀ ਨੁਕਸਾਨਿਆ ਜਾਂਦਾ ਹੈ ਤਾਂ ਇਸ ਲਈ ਸਿਰਫ਼ ਅਤੇ ਸਿਰਫ਼ ਰਹਿਮਾਨ ਸਰਕਾਰ ਜ਼ਿੰਮੇਵਾਰ ਹੋਵੇਗੀ।
ਜ਼ਿਕਰਯੋਗ ਹੈ ਕਿ ਮਾਈਕਲ ਰੂਬਿਨ ਨੇ 2002 ਤੋਂ 2004 ਤੱਕ ਪੈਂਟਾਗਨ ਵਿੱਚ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਅਮਰੀਕੀ ਰਾਜਦੂਤ ਅਤੇ ਹੋਰਨਾਂ ਦੇਸ਼ਾਂ ਦੇ ਕੂਟਨੀਤਕ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੰਗਲਾਦੇਸ਼ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਉਣ, ਤਾਂ ਜੋ ਸ਼ੇਖ ਹਸੀਨਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।





