ਪਾਕਿਸਤਾਨ ’ਚ ਲਾਪਤਾ ਹੋਏ ਤਿੰਨ ਪੰਜਾਬੀ ਸਿੱਖ ਸ਼ਰਧਾਲੂਆਂ ’ਚੋਂ ਇੱਕ ਕਰਤਾਰਪੁਰ ਸਾਹਿਬ ਪਹੁੰਚਿਆ
ਕਰਤਾਰਪੁਰ ਸਾਹਿਬ 28 ਨਵੰਬਰ 2026
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚੋਂ ਲਾਪਤਾ ਹੋਏ ਤਿੰਨ ਸ਼ਰਧਾਲੂਆਂ ਵਿੱਚੋਂ ਇੱਕ ਬਿਕਰ ਸਿੰਘ ਬੀਤੀ ਰਾਤ ਸੁਰੱਖਿਅਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਪਹੁੰਚ ਗਿਆ। ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਖੋਖੇਵਾਲ, ਫਲੋਰ ਦਾ ਰਹਿਣ ਵਾਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਿਕਰ ਸਿੰਘ ਪੁੱਤਰ ਗੁਰਦਾਸ ਰਾਮ ਸ੍ਰੀ ਨਨਕਾਣਾ ਸਾਹਿਬ ਤੋਂ ਲਾਪਤਾ ਹੋਣ ਮਗਰੋਂ ਸਰਗੋਧਾ ਇਲਾਕੇ ਵੱਲ ਚਲਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਸਰਗੋਧਾ ਨੇੜਲੇ ਇੱਕ ਪਿੰਡ ਵਿੱਚ ਸਥਿਤ ਪੀਰ ਉਸਮਾਨ ਦੀ ਦਰਗਾਹ ’ਤੇ ਵੀ ਗਿਆ ਸੀ। ਇਸ ਤੋਂ ਬਾਅਦ ਬੀਤੀ ਰਾਤ ਉਹ ਉੱਥੋਂ ਰਵਾਨਾ ਹੋ ਕੇ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਦੇ ਜਥੇ ਵਿੱਚ ਮੁੜ ਸ਼ਾਮਲ ਹੋ ਗਿਆ।
ਕਰਤਾਰਪੁਰ ਸਾਹਿਬ ਪਹੁੰਚਣ ਉਪਰੰਤ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਨਨਕਾਣਾ ਸਾਹਿਬ ਤੋਂ ਕਿਸ ਦੇ ਨਾਲ ਸਰਗੋਧਾ ਗਿਆ ਸੀ ਅਤੇ ਉੱਥੇ ਉਸ ਦੇ ਕਿਹੜੇ ਸੰਪਰਕ ਸਨ। ਜ਼ਿਕਰਯੋਗ ਹੈ ਕਿ ਜਥੇ ਵਿਚੋਂ ਤਿੰਨ ਭਾਰਤੀ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।





